ਮੇਰਾ ਆਪਣਾ ਪੰਜਾਬ (ਬਿਊਰੋ): ਪੰਜਾਬੀ ਫ਼ਿਲਮ ਇੰਡਸਟਰੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਪੰਜਾਬੀ ਸਿਨੇਮਾ ਦੇ ਮਸ਼ਹੂਰ ਅਦਾਕਾਰ ਤੇ ਕਾਮੇਡੀਅਨ ਜਸਵਿੰਦਰ ਭੱਲਾ (65) ਦਾ ਅੱਜ ਦਿਹਾਂਤ ਹੋ ਗਿਆ। ਉਹ ਪਿਛਲੇ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਮੁਹਾਲੀ ਦੇ ਡਿਪਟੀ ਕਮਿਸ਼ਨਰ ਕੁਲਜੀਤ ਸਿੰਘ ਬੇਦੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਉਨ੍ਹਾਂ ਦਾ ਅੰਤਿਮ ਸੰਸਕਾਰ ਕੱਲ੍ਹ (23 ਅਗਸਤ) ਮੁਹਾਲੀ ਵਿਖੇ ਕੀਤਾ ਜਾਵੇਗਾ। ਜਸਵਿੰਦਰ ਭੱਲਾ ਦੇ ਕਰੀਬੀ ਦੋਸਤ ਬਾਲ ਮੁਕੁੰਦ ਸ਼ਰਮਾ ਨੇ ਕਿਹਾ 'ਇਸ ਘਾਟੇ ਦੀ ਕਦੇ ਵੀ ਭਰਪਾਈ ਨਹੀਂ ਹੋ ਸਕਦੀ। ਸਾਡਾ ਚਾਲੀ ਸਾਲ ਪੁਰਾਣਾ ਸਾਥ ਰਿਹਾ। ਉਨ੍ਹਾਂ ਨੇ ਮੈਨੂੰ ਭਰਾ ਦਾ ਦਰਜਾ ਦਿੱਤਾ। ਉਨ੍ਹਾਂ ਨੇ ਮੈਨੂੰ ਕਦੇ ਇਹ ਮਹਿਸੂਸ ਨਹੀਂ ਹੋਣ ਦਿੱਤਾ ਕਿ ਅਸੀਂ ਦੋ ਵੱਖ-ਵੱਖ ਮਾਵਾਂ ਤੋਂ ਪੈਦਾ ਹੋਏ ਹਾਂ।' ਉਹ ਪੰਜਾਬੀ ਫ਼ਿਲਮ ਇੰਡਸਟਰੀ ਦੇ ਪਿਤਾਮਾ ਸਨ। ਉਹ ਲਗਭਗ ਇਕ ਮਹੀਨੇ ਤੋਂ ਬਿਮਾਰ ਸਨ।