ਮੇਰਾ ਆਪਣਾ ਪੰਜਾਬ (ਬਿਊਰੋ):ਪੰਜਾਬ ਵਿਚ ਆਏ ਭਿਆਨਕ ਹੜ੍ਹਾਂ ਕਾਰਨ ਜਿਥੇ ਹਰ ਪਾਸੇ ਤਬਾਹੀ ਦਾ ਮੰਜ਼ਰ ਦੇਖਣ ਨੂੰ ਮਿਲ ਰਿਹਾ ਹੈ, ਉਥੇ ਦੂਜੇ ਪਾਸੇ ਸਮਾਜ ਸੇਵੀ ਸੰਸਥਾਵਾਂ, ਸਿਆਸੀ ਪਾਰਟੀਆਂ ਅਤੇ ਹੋਰ ਲੋਕ ਬਚਾਅ ਕਾਰਜਾਂ ਵਿਚ ਲੱਗੇ ਹੋਏ ਹਨ ਯਾਂ ਵਿੱਤੀ ਮਦਦ ਆਦਿ ਕਰ ਰਹੇ ਹਨ। ਇਸੇ ਤਹਿਤ ਹੁਣ ਕਈ ਕਲਾਕਾਰ ਹੜ੍ਹ ਪੀੜਤ ਲੋਕਾਂ ਦੀ ਮਦਦ ਲਈ ਅੱਗੇ ਆ ਰਹੇ ਹਨ। ਪਿਛਲੇ ਦਿਨੀਂ ਦਿਲਜੀਤ ਦੋਸਾਂਝ ਅਤੇ ਰਣਜੀਤ ਬਾਵਾ ਨੇ ਹੜ੍ਹ ਪੀੜਤਾਂ ਲਈ ਵਿੱਤੀ ਮਦਦ ਦੇਣ ਐਲਾਨ ਕੀਤਾ ਸੀ ਅਤੇ ਜਸਬੀਰ ਜੱਸੀ ਤੇ ਰੇਸ਼ਮ ਸਿੰਘ ਅਨਮੋਲ ਤਾਂ ਆਪ ਜਾ ਕੇ ਹੜ੍ਹ ਮਾਰੇ ਇਲਾਕਿਆਂ ਵਿਚ ਜਾ ਕੇ ਲੋਕਾਂ ਦੀ ਮਦਦ ਕਰ ਰਹੇ ਹਨ। ਅੱਜ ਇਸੇ ਤਹਿਤ ਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਮੁਖ ਮੰਤਰੀ ਰਾਹਤ ਫੰਡ ਵਿਚ 25 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਯਾਦ ਰਹੇ ਬੀਤੇ ਦਿਨ ਉਘੇ ਵਪਾਰੀ ਅਤੇ ਅਦਾਕਾਰ ਰਾਜ ਕੁੰਦਰਾ ਨੇ ਆਪਣੀ ਆਉਣ ਵਾਲੀ ਫਿਲਮ ਮੇਹਰ ਦੀ ਪਹਿਲੀ ਕਮਾਈ ਹੜ੍ਹ ਪੀੜਤਾਂ ਦੀ ਮਦਦ ਲਈ ਦੇਣ ਦਾ ਐਲਾਨ ਕੀਤਾ ਹੈ, ਜਿਸ ਦੇ ਚਲਦਿਆਂ ਅੱਜ ਗੁਰੂ ਨਾਨਕ ਖਾਲਸਾ ਕਾਲਜ ਮੁੰਬਈ ਦੇ ਚੇਅਰਮੈਨ ਗੁਰਿੰਦਰ ਸਿੰਘ ਬਾਵਾ ਨੇ ਵੱਧ ਤੋਂ ਵੱਧ ਲੋਕਾਂ ਨੂੰ 5 ਸਤੰਬਰ ਨੂੰ ਮੇਹਰ ਫਿਲਮ ਦੇਖਣ ਦੀ ਅਪੀਲ ਕੀਤੀ ਤਾਂ ਜੋ ਵੱਧ ਤੋਂ ਵੱਧ ਹੜ੍ਹ ਪੀੜਤਾਂ ਦੀ ਮਦਦ ਹੋ ਸਕੇ।