ਮੇਰਾ ਆਪਣਾ ਪੰਜਾਬ-ਜਲੰਧਰ:(ਬਿਊਰੋ): ਭਾਰਗੋ ਕੈਂਪ ਥਾਣੇ ਦੇ ਅਧੀਨ ਆਉਂਦੇ ਖੇਤਰ ਵਿੱਚ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਵਿਜੇ ਜਿਵੈਲਰਸ ਦੀ ਦੁਕਾਨ ‘ਤੇ ਤਿੰਨ ਹਥਿਆਰਬੰਦ ਲੁਟੇਰੇ ਦਿਨ ਦਿਹਾੜੇ ਦਾਖਲ ਹੋਏ ਅਤੇ ਬੰਦੂਕ ਦੀ ਨੋਕ ‘ਤੇ ਲੱਖਾਂ ਰੁਪਏ ਦੀ ਨਕਦੀ ਅਤੇ ਕੀਮਤੀ ਗਹਿਣੇ ਲੁੱਟ ਕੇ ਫਰਾਰ ਹੋ ਗਏ। ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਅੱਜ ਦੁਪਹਿਰ ਸਮੇਂ ਤਿੰਨ ਹਥਿਆਰਬੰਦ ਵਿਅਕਤੀ ਵਿਜੇ ਜਿਵੈਲਰਸ ਦੀ ਦੁਕਾਨ ਵਿਚ ਦਾਖਲ ਹੋਏ ਜਦਕਿ ਦੋ ਵਿਅਕਤੀ ਬਾਹਰ ਖੜ੍ਹੇ ਰਹੇ। ਲੁਟੇਰਿਆਂ ਨੇ ਪਿਸਤੌਲ ਅਤੇ ਹੋਰ ਹਥਿਆਰਾਂ ਨਾਲ ਦੁਕਾਨ ਵਿੱਚ ਦਾਖਲ ਹੁੰਦਿਆਂ ਹੀ ਦਹਿਸ਼ਤ ਫੈਲਾ ਦਿੱਤੀ ਅਤੇ ਦੁਕਾਨ ਮਾਲਕ ਦੇ ਪੁੱਤਰ ਵੱਲੋਂ ਚੀਕਣ ‘ਤੇ ਇੱਕ ਲੁਟੇਰੇ ਨੇ ਤੇਜ਼ਧਾਰ ਹਥਿਆਰ ਨਾਲ ਕਾਊਂਟਰ ਦਾ ਸ਼ੀਸ਼ਾ ਤੋੜ ਦਿੱਤਾ। ਉਨ੍ਹਾਂ ਨੇ ਸ਼ੋ-ਕੇਸਾਂ ਵਿੱਚੋਂ ਗਹਿਣੇ ਸਮੇਟੇ ਅਤੇ ਦੁਕਾਨ ਮਾਲਕ ਨੂੰ ਪਿਸਤੌਲ ਤਾਣ ਕੇ ਤਿਜੋਰੀ ਖੋਲ੍ਹਣ ਲਈ ਮਜਬੂਰ ਕੀਤਾ। ਤਿਜੋਰੀ ਵਿੱਚੋਂ ਨਕਦੀ ਅਤੇ ਹੋਰ ਸੋਨੇ ਦੇ ਗਹਿਣੇ ਬੈਗਾਂ ਵਿੱਚ ਪਾ ਕੇ ਉਹ ਸਿਰਫ਼ ਦੋ ਮਿੰਟਾਂ ਦੇ ਅੰਦਰ ਮੋਟਰਸਾਈਕਲ ‘ਤੇ ਸਵਾਰ ਹੋ ਕੇ ਫਰਾਰ ਹੋ ਗਏ।
ਪੀੜਤ ਪਰਿਵਾਰ ਅਨੁਸਾਰ ਲਗਭਗ ਦੋ ਲੱਖ ਰੁਪਏ ਦੀ ਨਕਦੀ ਅਤੇ ਵੱਡੀ ਮਾਤਰਾ ਵਿੱਚ ਸੋਨੇ ਦੇ ਗਹਿਣੇ ਲੁੱਟੇ ਗਏ। ਘਟਨਾ ਦੀ ਖ਼ਬਰ ਮਿਲਦੇ ਹੀ ਏਸੀਪੀ, ਸੀਆਈਏ ਸਟਾਫ ਅਤੇ ਥਾਣਾ ਭਾਰਗੋ ਕੈਂਪ ਪੁਲਿਸ ਦੀ ਟੀਮ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਇਲਾਕੇ ਦੀ ਘੇਰਾਬੰਦੀ ਕਰਕੇ ਸੀਸੀਟੀਵੀ ਫੁਟੇਜ ਹਾਸਲ ਕੀਤੀ ਹੈ।
ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਦੀ ਜਾਂਚ ਤੋਂ ਬਾਅਦ ਇੱਕ ਲੁਟੇਰੇ ਦੀ ਪਹਿਚਾਣ ਕਰ ਲਈ ਗਈ ਹੈ, ਜੋ ਕਿ ਦੁਕਾਨ ਦੇ ਬਿਲਕੁਲ ਨੇੜੇ ਹੀ ਰਹਿੰਦਾ ਦੱਸਿਆ ਜਾ ਰਿਹਾ ਹੈ। ਪੁਲਿਸ ਵੱਲੋਂ ਉਸ ਦੇ ਘਰ ਛਾਪਾਮਾਰੀ ਵੀ ਕੀਤੀ ਗਈ, ਪਰ ਉਹ ਘਰ ਵਿੱਚ ਨਹੀਂ ਮਿਲਿਆ। ਫਿਲਹਾਲ ਕਿਸੇ ਪੁਲਿਸ ਅਧਿਕਾਰੀ ਨੇ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ ਅਤੇ ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਵਿੱਚ ਜੁਟੀ ਹੋਈ ਹੈ।
ਇਸ ਵਾਰਦਾਤ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਸੁਨਿਆਰਾ ਭਾਈਚਾਰਾ ਅਤੇ ਵਪਾਰ ਮੰਡਲ ਨੇ ਪੁਲਿਸ ਪ੍ਰਬੰਧਾਂ ਦੀ ਨਾਕਾਮੀ ‘ਤੇ ਸਖ਼ਤ ਗੁੱਸਾ ਜ਼ਾਹਰ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਦਿਨ ਦਿਹਾੜੇ ਭਰੇ ਬਾਜ਼ਾਰ ਵਿੱਚ ਅਜਿਹੀ ਘਟਨਾ ਹੋਣਾ ਪੁਲਿਸ ਦੀ ਕਾਰਗੁਜ਼ਾਰੀ ‘ਤੇ ਸਵਾਲ ਖੜ੍ਹੇ ਕਰਦਾ ਹੈ।
ਵਪਾਰੀਆਂ ਦਾ ਕਹਿਣਾ ਹੈ ਕਿ ਇਲਾਕੇ ਵਿੱਚ ਅਪਰਾਧਕ ਤੱਤ ਬੇਖੌਫ਼ ਹੋ ਚੁੱਕੇ ਹਨ ਤੇ ਹੁਣ ਕੋਈ ਵੀ ਵਪਾਰੀ ਸੁਰੱਖਿਅਤ ਨਹੀਂ ਹੈ। ਸਾਨੂੰ ਸ਼ੱਕ ਹੈ ਕਿ ਲੁਟੇਰਿਆਂ ਵੱਲੋਂ ਘਟਨਾ ਤੋਂ ਪਹਿਲਾਂ ਦੁਕਾਨ ਦੀ ਰੇਕੀ ਕੀਤੀ ਗਈ ਸੀ। ਵਪਾਰੀ ਵਰਗ ਨੇ ਪੁਲਿਸ ਪ੍ਰਸ਼ਾਸਨ ਤੋਂ ਜਲਦੀ ਤੋਂ ਜਲਦੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਅਤੇ ਇਲਾਕੇ ਵਿੱਚ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਹੈ।