ਮੇਰਾ ਆਪਣਾ ਪੰਜਾਬ-ਜਲੰਧਰ- (ਬਿਊਰੋ) : ਪੰਜਾਬ ਪ੍ਰੈੱਸ ਕਲੱਬ ਨੇ ਲੁਧਿਆਣਾ ਵਿੱਚ ਪੱਤਰਕਾਰਾਂ ਖ਼ਿਲਾਫ਼ ਪੁਲਿਸ ਵੱਲੋਂ ਦਰਜ ਕੀਤੀ ਗਈ ਐਫ਼.ਆਈ.ਆਰ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਕਲੱਬ ਦੀ ਗਵਰਨਿੰਗ ਕੌਂਸਲ ਵੱਲੋਂ ਜਾਰੀ ਬਿਆਨ ਵਿਚ ਕਿਹਾ ਕਿ ਪੱਤਰਕਾਰਾਂ ਖ਼ਿਲਾਫ਼ ਇਸ ਤਰ੍ਹਾਂ ਦੀ ਕਾਰਵਾਈ ਪ੍ਰੈੱਸ ਦੀ ਆਜ਼ਾਦੀ ’ਤੇ ਸਿੱਧਾ ਹਮਲਾ ਹੈ, ਜਿਸਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਪੰਜਾਬ ਪ੍ਰੈੱਸ ਕਲੱਬ ਪ੍ਰਧਾਨ ਜਸਪ੍ਰੀਤ ਸਿੰਘ ਸੈਣੀ, ਸੀਨੀਅਰ ਮੀਤ ਪ੍ਰਧਾਨ ਰਾਜੇਸ਼ ਥਾਪਾ, ਜਨਰਲ ਸਕੱਤਰ ਪੁਨੀਤ ਸਹਿਗਲ, ਮੀਤ ਪ੍ਰਧਾਨ ਪਰਮਜੀਤ ਸਿੰਘ ਰੰਗਪੁਰੀ, ਮਨਦੀਪ ਸ਼ਰਮਾ, ਤੇਜਿੰਦਰ ਕੌਰ ਥਿੰਦ, ਖਜ਼ਾਨਚੀ ਸ਼ਿਵ ਸ਼ਰਮਾ, ਸਕੱਤਰ ਰਾਜੇਸ਼ ਯੋਗੀ ਤੇ ਸੰਯੁਕਤ ਸਕੱਤਰ ਸੁਕਰਾਂਤ ਸਫਰੀ ਨੇ ਕਿਹਾ ਕਿ ਪੱਤਰਕਾਰ ਸਮਾਜ ਅਤੇ ਲੋਕਤੰਤਰ ਦੇ ਚੌਥੇ ਥੰਮ੍ਹ ਵਜੋਂ ਆਪਣੀ ਜ਼ਿੰਮੇਵਾਰੀ ਨਿਭਾਅ ਰਹੇ ਹਨ ਅਤੇ ਸੱਚ ਨੂੰ ਸਾਹਮਣੇ ਲਿਆਉਣਾ ਉਨ੍ਹਾਂ ਦਾ ਮੂਲ ਅਧਿਕਾਰ ਹੈ। ਪੱਤਰਕਾਰਾਂ ਨੂੰ ਡਰਾਉਣ ਅਤੇ ਚੁੱਪ ਕਰਵਾਉਣ ਲਈ ਪਰਚੇ ਦਰਜ ਕਰਨਾ ਬਹੁਤ ਹੀ ਨਿੰਦਨਯੋਗ ਹੈ।
ਕਲੱਬ ਨੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪੱਤਰਕਾਰਾਂ ਖ਼ਿਲਾਫ਼ ਦਰਜ ਕੀਤੇ ਗਏ ਪਰਚੇ ਨੂੰ ਤੁਰੰਤ ਰੱਦ ਕੀਤਾ ਜਾਵੇ ਅਤੇ ਦੋਸ਼ੀ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।