ਮੇਰਾ ਆਪਣਾ ਪੰਜਾਬ-ਜਲੰਧਰ-(ਬਿਊਰੋ): ਉਦਯੋਗਪਤੀ ਤੋਂ ਸਿਆਸਤਦਾਨ ਬਣੇ ਅਰਵਿੰਦ ਖੰਨਾ ਨੇ ਭਾਜਪਾ ਨੂੰ ਛੱਡ ਕੇ ਸੁਖਬੀਰ ਸਿੰਘ ਬਾਦਲ ਦੀ ਮੌਜੂਦਗੀ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜ ਲਿਆ। ਖੰਨਾ ਕੁਝ ਸਮੇਂ ਤੋਂ ਭਾਜਪਾ ਦੀ ਸੂਬਾਈ ਲੀਡਰਸ਼ਿਪ ਦੀ ਕਾਰਜ ਪ੍ਰਣਾਲੀ ਤੋਂ ਨਾਖੁਸ਼ ਚੱਲ ਰਹੇ ਸਨ। ਖੰਨਾ ਸਾਲ 2022 ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਸਨ ਅਤੇ ਪਾਰਟੀ ਨੇ ਉਨ੍ਹਾ ਨੂੰ ਪੰਜਾਬ ਇਕਾਈ ਦਾ ਮੀਤ ਪ੍ਰਧਾਨ ਵੀ ਨਿਯੁਕਤ ਕੀਤਾ ਸੀ। ਉਨ੍ਹਾਂ ਭਾਜਪਾ ਦੀ ਟਿਕਟ ’ਤੇ 2022 ਦੀਆਂ ਵਿਧਾਨ ਸਭਾ ਚੋਣਾਂ ਅਤੇ 2024 ਦੀਆਂ ਲੋਕ ਸਭਾ ਚੋਣਾਂ ਸੰਗਰੂਰ ਹਲਕੇ ਤੋਂ ਲੜੀਆਂ ਸਨ, ਹਾਲਾਂਕਿ ਦੋਵਾਂ ਚੋਣਾਂ ਵਿੱਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਖੰਨਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਸਨ। ਉਨ੍ਹਾਂ ਉਮੀਦ ਫਾਊਂਡੇਸ਼ਨ ਰਾਹੀਂ ਕਈ ਸਾਲਾਂ ਤੱਕ ਸੰਗਰੂਰ ਹਲਕੇ ਦੇ ਲੋਕਾਂ ਦੀ ਕੀਤੀ। ਉਹ ਪਹਿਲੀ ਵਾਰ 2002 ਵਿੱਚ ਕਾਂਗਰਸ ਦੀ ਟਿਕਟ ’ਤੇ ਸੰਗਰੂਰ ਵਿਧਾਨ ਸਭਾ ਹਲਕਾ ਜਿੱਤ ਕੇ ਵਿਧਾਇਕ ਬਣੇ ਸਨ, ਉਸ ਤੋਂ ਬਾਅਦ ਉਹ 2004 ਦੀਆਂ ਲੋਕ ਸਭਾ ਚੋਣਾਂ ਵਿੱਚ ਪਾਰਟੀ ਦੇ ਉਮੀਦਵਾਰ ਸਨ, ਪਰ ਸੁਖਦੇਵ ਸਿੰਘ ਢੀਂਡਸਾ ਤੋਂ ਹਾਰ ਗਏ ਸਨ।