
ਮੇਰਾ ਆਪਣਾ ਪੰਜਾਬ (ਬਿਊਰੋ): ਅੱਜਕਲ੍ਹ ਹਰ ਪਾਸੇ ਬੇਸਹਾਰਾ ਪਸ਼ੂਆਂ ਦੇ ਕੁੱਤਿਆਂ ਦੀ ਭਰਮਾਰ ਹੋ ਚੁੱਕੀ ਹੈ, ਸੜਕਾਂ ਉੱਤੇ ਘੁੰਮਦੇ ਅਤੇ ਸੜਕਾਂ ਦੇ ਵਿਚਕਾਰ ਬੈਠੇ ਬੇਸਹਾਰਾ ਪਸ਼ੂ ਆਮ ਦੇਖੇ ਜਾ ਸਕਦੇ ਹਨ ਅਤੇ ਸੜਕਾਂ ਉੱਤੇ ਡਾਰਾਂ ਬੰਨ੍ਹ ਕੇ ਘੁੰਮਦੇ ਆਵਾਰਾ ਕੁੱਤੇ ਆਮ ਲੋਕਾਂ ਖਾਸਕਰ ਛੋਟੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਨੋਚ ਰਹੇ ਹਨ ਅਤੇ ਸੜਕ ਹਾਦਸਿਆਂ ਦਾ ਕਾਰਨ ਬਣ ਕੇ ਲੋਕਾਂ ਦੀ ਜਾਨ ਮਾਲ ਦਾ ਖੌਅ ਬਣੇ ਹੋਏ ਹਨ। ਜਲੰਧਰ ਜ਼ਿਲ੍ਹੇ ਵਿੱਚ ਵੀ ਇਹ ਸਮੱਸਿਆ ਗੰਭੀਰ ਰੂਪ ਅਖਤਿਆਰ ਕਰ ਚੁੱਕੀ ਹੈ। ਖੁੱਲ੍ਹੀਆਂ ਥਾਵਾਂ ਦੇ ਨਾਲ- ਨਾਲ ਇਹ ਬੇਸਹਾਰਾ ਪਸ਼ੂ ਹੁਣ ਭੀੜੀਆਂ ਗਲੀਆਂ ਵਿੱਚ ਵੀ ਘੁੰਮਦੇ ਆਮ ਦੇਖੇ ਜਾ ਸਕਦੇ ਹਨ। ਪਿਛਲੇ ਦਿਨੀਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਸ ਸਮੱਸਿਆ ਨਾਲ ਨਜਿੱਠਣ ਲਈ ਇਕ ਹੈਲਪ ਲਾਈਨ ਨੰਬਰ ਜਾਰੀ ਕੀਤਾ ਗਿਆ ਸੀ ਕਿ ਜੇਕਰ ਕਿਸੇ ਨੂੰ ਬੇਸਹਾਰਾ ਪਸ਼ੂਆਂ ਸਬੰਧੀ ਸ਼ਿਕਾਇਤ ਹੋਵੇ ਤਾਂ ਸਾਨੂੰ ਮੈਸੇਜ ਭੇਜਣ। ਪਰ ਲੱਗਦਾ ਹੈ ਕਿ ਪ੍ਰਸ਼ਾਸਨ ਨੰਬਰ ਜਾਰੀ ਕਰ ਕੇ ਆਪ ਕੁੰਭਕਰਨੀ ਨੀਂਦ ਸੌਂ ਗਿਆ ਹੈ। ਸ਼ਹਿਰ ਵਾਸੀਆਂ ਨਾਲ ਗੱਲ ਕਰਦਿਆਂ ਪਤਾ ਲਗਦਾ ਹੈ ਪ੍ਰਸ਼ਾਸਨ ਵਲੋਂ ਜਾਰੀ ਨੰਬਰ ਉੱਤੇ ਮੈਸੇਜ ਭੇਜਣ ਸਮੇਂ ਸਿਰਫ ਇਕ ਧੰਨਵਾਦ ਦਾ ਮੈਸੇਜ ਹੀ ਵਾਪਸ ਆਉਂਦਾ ਹੈ ਅਤੇ ਸਿਰਫ ਕਾਰਵਾਈ ਕਰਨ ਦਾ ਕਹਿਣ ਉਪਰੰਤ ਕੋਈ ਜਵਾਬ ਨਹੀਂ ਆਉਂਦਾ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਕਾਰਵਾਈ ਹੋਣੀ ਹੀ ਨਹੀਂ ਹੈ ਤਾਂ ਫਿਰ ਕਿਉਂ ਲੋਕਾਂ ਨੂੰ ਵਰਗਲਾਇਆ ਜਾਂਦਾ ਹੈ।