
ਮੇਰਾ ਆਪਣਾ ਪੰਜਾਬ-ਲੁਧਿਆਣਾ-(1 ਅਕਤੂਬਰ)-(ਬਿਊਰੋ): ਲੁਧਿਆਣਾ ਦੇ ਪਿੰਡ ਕਟਾਣੀ ਕਲਾਂ ਨੇ ਕਿਰਾਏਦਾਰਾਂ ਅਤੇ ਪਿੰਡ ਦੇ ਮਾਹੌਲ ਨੂੰ ਲੈ ਕੇ ਸਖ਼ਤ ਰੁਖ ਅਪਣਾਉਂਦਿਆਂ 7 ਵੱਡੇ ਐਲਾਨ ਕੀਤੇ ਹਨ। ਇਨ੍ਹਾਂ ਐਲਾਨਾਂ ਰਾਹੀਂ ਪਿੰਡ ਵਿੱਚ ਬਾਹਰੀ ਲੋਕਾਂ ਦੇ ਰਹਿਣ, ਨਸ਼ਿਆਂ ਅਤੇ ਪਲਾਸਟਿਕ ਦੀ ਵਰਤੋਂ ਵਰਗੇ ਮੁੱਦਿਆਂ ‘ਤੇ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਪਿੰਡ ਵੱਲੋਂ ਜਾਰੀ ਕੀਤੇ ਗਏ 7 ਵੱਡੇ ਫੈਸਲੇ ਇਸ ਪ੍ਰਕਾਰ ਹਨ:
ਮਕਾਨ ਖਾਲੀ ਕਰਨ ਦਾ ਅਲਟੀਮੇਟਮ: ਪਿੰਡ ਵਿੱਚ ਰਹਿ ਰਹੇ ਕਿਰਾਏਦਾਰਾਂ ਨੂੰ 15 ਅਕਤੂਬਰ ਤੱਕ ਮਕਾਨ ਖਾਲੀ ਕਰਨ ਲਈ ਕਿਹਾ ਗਿਆ ਹੈ, ਭਾਵੇਂ ਉਹ ਕਿਰਾਏਦਾਰ ਪ੍ਰਵਾਸੀ ਹੋਣ ਜਾਂ ਪੰਜਾਬੀ।
ਅਪਰਾਧਿਕ ਅਨਸਰਾਂ ‘ਤੇ ਰੋਕ: ਕਿਸੇ ਵੀ ਅਪਰਾਧਿਕ ਸੋਚ ਵਾਲੇ ਬੰਦੇ ਨੂੰ ਪਿੰਡ ਵਿੱਚ ਨਹੀਂ ਰਹਿਣ ਦਿੱਤਾ ਜਾਵੇਗਾ।
ਦੁਕਾਨਾਂ ਦੀ ਅਲਾਟਮੈਂਟ: ਪਿੰਡ ਵਿੱਚ ਦੁਕਾਨਾਂ ਸਿਰਫ਼ ਪੰਜਾਬ ਦੇ ਵਸਨੀਕਾਂ ਨੂੰ ਹੀ ਕਿਰਾਏ ‘ਤੇ ਦਿੱਤੀਆਂ ਜਾਣਗੀਆਂ।
ਵਿਆਹ ਸਬੰਧੀ ਫੈਸਲਾ: ਜੇਕਰ ਪਿੰਡ ਦੀ ਕੋਈ ਕੁੜੀ ਪ੍ਰਵਾਸੀ ਨਾਲ ਵਿਆਹ ਕਰਵਾਉਂਦੀ ਹੈ, ਤਾਂ ਪੂਰਾ ਪਿੰਡ ਉਸ ਕੁੜੀ ਦਾ ਬਾਈਕਾਟ ਕਰੇਗਾ।
ਨਸ਼ਿਆਂ ਖ਼ਿਲਾਫ਼ ਸਖ਼ਤ ਕਾਰਵਾਈ: ਨਸ਼ੀਲੇ ਪਦਾਰਥ ਵੇਚਦੇ ਫੜੇ ਜਾਣ ਵਾਲਿਆਂ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਪਲਾਸਟਿਕ ਪੈਕਿੰਗ ‘ਤੇ ਜੁਰਮਾਨਾ: ਜੇਕਰ ਕੋਈ ਦੁਕਾਨਦਾਰ ਪਲਾਸਟਿਕ ਪੈਕਿੰਗ ਦੀ ਵਰਤੋਂ ਕਰੇਗਾ, ਤਾਂ ਉਸ ‘ਤੇ 5000 ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ।
ਨਜਾਇਜ਼ ਕਬਜ਼ਿਆਂ ਬਾਰੇ ਚੇਤਾਵਨੀ: ਜਿਨ੍ਹਾਂ ਲੋਕਾਂ ਨੇ ਜ਼ਮੀਨਾਂ ‘ਤੇ ਨਜਾਇਜ਼ ਕਬਜ਼ੇ ਕੀਤੇ ਹੋਏ ਹਨ, ਉਨ੍ਹਾਂ ਨੂੰ ਖੁਦ ਹੀ ਜ਼ਮੀਨ ਛੱਡਣ ਲਈ ਕਿਹਾ ਗਿਆ ਹੈ।