ਮੇਰਾ ਆਪਣਾ ਪੰਜਾਬ-ਜਲੰਧਰ (ਬਿਊਰੋ): ਇਕ ਪਾਸੇ ਜਿਥੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸ਼ਹਿਰ ਨੂੰ ਕੂੜਾ ਮੁਕਤ ਕਰਨ ਦੀ ਮੁਹਿੰਮ ਚਲਾਈ ਜਾ ਰਹੀ ਹੈ ਉਥੇ ਦੂਜੇ ਪਾਸੇ ਜਲੰਧਰ ਵਿਧਾਨ ਸਭ ਹਲਕਾ ਪੱਛਮੀ ਅਧੀਨ ਆਉਂਦੇ ਵਾਰਡ ਨੰਬਰ: 58 ਵਿਚ ਇਕੋ ਜਗ੍ਹਾ ਤਿੰਨ ਵਿੱਦਿਅਕ ਅਦਾਰਿਆਂ ਦੇ ਬਿਲਕੁਲ ਨੇੜੇ ਸ਼ਰੇਆਮ ਕੂੜਾ ਸੁੱਟਿਆ ਜਾ ਰਿਹਾ ਹੈ, ਜੋ ਆਉਣ ਵਾਲੇ ਦਿਨਾਂ ਵਿਚ ਵੱਡੇ ਡੰਪ ਦਾ ਰੂਪ ਅਖਤਿਆਰ ਕਰ ਜਾਵੇਗਾ। ਦੱਸਦੇ ਚਲੀਏ ਕੇ ਬਸਤੀ ਦਾਨਿਸ਼ਮੰਦਾਂ ਦੇ ਵਾਰਡ ਨੰਬਰ 58 ਦੇ ਇਲਾਕੇ ਰਾਮ ਸ਼ਰਣਮ ਨਗਰ ਵਿਚ ਜਿਥੇ ਮੁਖ ਸੜਕ ਉੱਤੇ ਸੇਂਟ ਸੋਲਜਰ ਕਾਲਜ ਬਣਿਆ ਹੋਇਆ ਹੈ, ਜਿਸ ਦੇ ਪਿਛਲੇ ਪਾਸੇ ਅਤੇ ਸਾਹਮਣੇ ਦੋ ਨਿੱਜੀ ਸਕੂਲ ਹਨ, ਦੇ ਸਾਹਮਣੇ ਲੋਕਾਂ ਵਲੋਂ ਕੂੜਾ ਸੁੱਟਿਆ ਜਾ ਰਿਹਾ ਹੈ। ਅਹਿਮ ਗੱਲ ਇਹ ਹੈ ਕਿ ਇਸ ਜਗ੍ਹਾ ਉੱਤੇ ਹੀ ਜਲੰਧਰ ਪੱਛਮੀ ਦੇ ਸਾਬਕਾ ਵਿਧਾਇਕ ਦਾ ਦਫਤਰ ਅਤੇ ਉਸ ਦੇ ਨਜ਼ਦੀਕ ਹੀ ਵਾਰਡ ਨੰਬਰ 58 ਦੇ ਕੌਂਸਲਰ ਦਾ ਦਫਤਰ ਵੀ ਮੌਜੂਦ ਹਨ, ਜਿਨ੍ਹਾਂ ਦੇ ਨੱਕ ਹੇਠ ਇਹ ਸਾਰਾ ਕੁਝ ਹੋ ਰਿਹਾ ਹੈ, ਪਾਰ ਕਿਸੇ ਨੂੰ ਕੋਈ ਪ੍ਰਵਾਹ ਹੀ ਨਹੀਂ ਹੈ।
