
ਮੇਰਾ ਆਪਣਾ ਪੰਜਾਬ-ਜਲੰਧਰ (ਬਿਊਰੋ): ਜਲੰਧਰ- ਪਠਾਨਕੋਟ ਰਾਸ਼ਟਰੀ ਰਾਜਮਾਰਗ ਉੱਤੇ ਪੈਂਦੇ ਅੱਡਾ ਬਿਆਸ ਪਿੰਡ ਨਜ਼ਦੀਕ ਧੁੰਦ ਕਾਰਨ ਸਵੇਰੇ ਭਿਆਨਕ ਹਾਦਸਾ ਵਾਪਰਿਆ। ਹਾਦਸਾ ਉਸ ਵੇਲੇ ਵਾਪਰਿਆ ਜਦੋਂ ਇਕ ਕੈਂਟਰ ਟਰੱਕ ਵੱਲੋਂ ਅਚਾਨਕ ਬ੍ਰੇਕ ਲਗਾ ਦਿੱਤੀ ਗਈ, ਜਿਸ ਕਾਰਨ ਪਿੱਛੋਂ ਆ ਰਹੀਆਂ ਤਿੰਨ ਕਾਰਾਂ ਉਸ ਨਾਲ ਜਾ ਟਕਰਾਈਆਂ, ਜਿਸ ’ਚ ਤਿੰਨ ਲੋਕ ਜ਼ਖਮੀ ਹੋਏ ਹਨ। ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਏਐੱਸਆਈ ਰਣਧੀਰ ਸਿੰਘ ਨੇ ਦੱਸਿਆ ਕਿ ਸਵੇਰੇ ਕਰੀਬ 8 ਵਜੇ ਧੁੰਦ ਕਾਰਨ ਦਿੱਖ ਘੱਟ ਸੀ। ਕੈਂਟਰ ਦੇ ਅਚਾਨਕ ਰੁਕਣ ਨਾਲ ਇਸਦੇ ਪਿੱਛੇ ਆ ਰਹੀ ਇਨੋਵਾ, ਬੈਲੀਨੋ ਤੇ ਸਵਿਫਟ ਇਕ-ਦੂਜੇ ਨਾਲ ਟਕਰਾ ਗਈਆਂ। ਹਾਦਸੇ ’ਚ ਗੌਰਵ ਵਾਸੀ ਮਾਡਲ ਟਾਊਨ ਜਲੰਧਰ, ਅਨਿਲ ਕਾਮਤ ਤੇ ਪ੍ਰਦੀਪ ਸਿੰਘ ਦੋਵੇਂ ਵਾਸੀ ਮਾਡਲ ਹਾਊਸ ਜਲੰਧਰ ਜ਼ਖ਼ਮੀ ਹੋਏ। ਸੜਕ ਸੁਰੱਖਿਆ ਫੋਰਸ ਨੇ ਜ਼ਖਮੀਆਂ ਨੂੰ ਫ਼ਸਟ ਏਡ ਦੇਣ ਉਪਰੰਤ 108 ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਕਾਲਾ ਬੱਕਰਾ ਪਹੁੰਚਾਇਆ।