ਚੰਡੀਗੜ੍ਹ (ਮੇਰਾ ਆਪਣਾ ਪੰਜਾਬ) : ਰਾਜ ਚੋਣ ਕਮਿਸ਼ਨ ਵੱਲੋਂ ਉਮੀਦਵਾਰਾਂ ਅਤੇ ਆਮ ਲੋਕਾਂ ਨੂੰ ਮਿਤੀ 10.10.2024 ਦੇ ਹੁਕਮਾਂ ਅਨੁਸਾਰ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਵਰਕਰਾਂ ਸਮੇਤ ਨਿੱਜੀ ਵਿਅਕਤੀਆਂ ਵੱਲੋਂ ਪੋਲਿੰਗ ਸਟੇਸ਼ਨਾਂ ਦੇ ਬਾਹਰ ਵੀਡੀਓਗ੍ਰਾਫੀ ਕਰਨ ਦੀ ਇਜਾਜ਼ਤ ਹੋਵੇਗੀ। ਇਸ ਸਬੰਧੀ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਪੋਲਿੰਗ ਸਟੇਸ਼ਨਾਂ ਦੇ ਅੰਦਰ ਕਿਸੇ ਵੀ ਨਿੱਜੀ ਵਿਅਕਤੀ ਨੂੰ ਵੀਡੀਓਗ੍ਰਾਫੀ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ। ਕਮਿਸ਼ਨ ਵੱਲੋਂ ਇਹ ਹਦਾਇਤਾਂ ਮਾਣਯੋਗ ਹਾਈਕੋਰਟ (ਡੀਬੀ) ਵੱਲੋਂ 24.5.2012 ਨੂੰ 2012 ਦੇ ਸੀਡਬਲਿਊਪੀ 9601 ਦੇ ਕ੍ਰਿਸ਼ਨ ਕੁਮਾਰ ਅਤੇ ਹੋਰ ਬਨਾਮ ਸਟੇਟ ਆਫ ਪੰਜਾਬ ਦੇ ਹੁਕਮਾਂ ਤਹਿਤ ਦਿੱਤੀਆਂ ਗਈ ਆਂ ਹਨ। ਉਕਤ ਕੇਸ ਦਾ ਸੰਚਾਲਨ ਭਾਗ ਹੇਠ ਲਿਖੇ ਅਨੁਸਾਰ ਹੈ: ‘‘ਪਟੀਸ਼ਨਰ ਜਾਂ ਕੋਈ ਹੋਰ ਵਿਅਕਤੀ ਆਪਣੇ ਖਰਚੇ ’ਤੇ ਪੋਲਿੰਗ ਸਟੇਸ਼ਨ ਦੇ ਬਾਹਰ ਵੀਡੀਓਗ੍ਰਾਫੀ ਦਾ ਪ੍ਰਬੰਧ ਕਰਨ ਲਈ ਸੁਤੰਤਰ ਹੈ ਅਤੇ ਜੇਕਰ ਉਹ ਅਜਿਹੀ ਇੱਛਾ ਪ੍ਰਗਟ ਕਰਦੇ ਹਨ, ਤਾਂ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਨਹੀਂ ਜਾਵੇਗਾ। ਹਾਲਾਂਕਿ, ਇਹ ਸਪੱਸ਼ਟ ਕੀਤਾ ਗਿਆ ਹੈ ਕਿ ਪੋਲਿੰਗ ਬੂਥਾਂ ਦੇ ਅੰਦਰ ਪੋਲਿੰਗ ਦੀ ਗੁਪਤਤਾ ਬਣਾਈ ਰੱਖਣ ਲਈ ਵੀਡੀਓਗ੍ਰਾਫੀ ਦੀ ਇਜਾਜ਼ਤ ਨਹੀਂ ਹੋਵੇਗੀ ।’’ ਉਕਤ ਹੁਕਮਾਂ ਅਨੁਸਾਰ, ਸਿਆਸੀ ਪਾਰਟੀਆਂ ਦੇ ਨਿੱਜੀ ਵਿਅਕਤੀਆਂ/ਵਰਕਰਾਂ ਦੁਆਰਾ ਆਪਣੇ ਖਰਚੇ ’ਤੇ ਵੀਡੀਓਗ੍ਰਾਫੀ ਦੀ ਇਜਾਜ਼ਤ ਦਿੱਤੀ ਜਾਂਦੀ ਹੈ, ਪਰ ਇਹ ਵੀਡੀਓਗ੍ਰਾਫੀ ਪੋਲਿੰਗ ਸਟੇਸ਼ਨਾਂ ਦੇ 100 ਮੀਟਰ ਦੇ ਘੇਰੇ ਤੋਂ ਬਾਹਰ ਕੀਤੀ ਜਾਣੀ ਚਾਹੀਦੀ ਹੈ।