ਮੇਰਾ ਆਪਣਾ ਪੰਜਾਬ (ਹਰਪ੍ਰੀਤ ਸਿੰਘ) : ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੰਤ੍ਰਿੰਗ ਕਮੇਟੀ ਦੀ 30 ਦਸੰਬਰ ਨੂੰ ਸੱਦੀ ਹੈ। ਇਹ ਇਕੱਤਰਤਾ ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ਤੇਜਾ ਸਿੰਘ ਸਮੁੰਦਰੀ ਹਾਲ ਅੰਮ੍ਰਿਤਸਰ ਵਿਖੇ ਹੋਵੇਗੀ। ਇਸ ਇਕੱਤਰਤਾ ਵਿਚ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ ਵਿਚ ਫ਼ੈਸਲਾ ਲਿਆ ਜਾ ਸਕਦਾ ਹੈ। ਚਰਚਾ ਹੈ ਕਿ 19 ਦਸੰਬਰ ਨੂੰ 72 ਘੰਟੇ ਦੇ ਨੋਟਿਸ ’ਤੇ ਜੋ ਇਕੱਤਰਤਾ ਹੋਈ ਸੀ, ਉਸ ਵਿਚ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ’ਤੇ ਲੱਗੇ ਦੋਸ਼ਾਂ ਦੀ ਪੜਤਾਲ ਲਈ ਸਬ-ਕਮੇਟੀ ਗਠਤ ਕੀਤੀ ਸੀ। ਇਸ ਦੇ ਨਾਲ ਹੀ 15 ਦਿਨਾਂ ’ਚ ਰਿਪੋਰਟ ਤਿਆਰ ਕਰਕੇ ਪੇਸ਼ ਕਰਨ ਦੀ ਗੱਲ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਦੇ ਕੰਮਕਾਜ ’ਤੇ ਰੋਕ ਲਗਾਉਂਦਿਆ ਦਮਦਮਾ ਸਾਹਿਬ ਦੇ ਮੁੱਖ ਗ੍ਰੰਥੀ ਨੂੰ ਕਾਰਜਕਾਰੀ ਚਾਰਜ ਦੇ ਦਿੱਤਾ ਸੀ। ਚਰਚਾ ਹੈ ਕਿ 30 ਦਸੰਬਰ ਨੂੰ ਹੋਣ ਵਾਲੀ ਇਕੱਤਰਤਾ ਵਿਚ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ ਵਿਚ ਫ਼ੈਸਲਾ ਲਿਆ ਜਾ ਸਕਦਾ ਹੈ। ਇਸ ਇਕੱਤਰਤਾ ’ਚ ਤਖਤ ਸ੍ਰੀ ਦਮਦਮਾ ਸਾਹਿਬ ਦਾ ਨਵਾਂ ਜਥੇਦਾਰ ਵੀ ਨਿਯੁਕਤ ਕੀਤਾ ਜਾ ਸਕਦਾ ਹੈ। ਦੱਸਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਸ ਮਹੀਨੇ ਵਿਚ ਇਹ ਤੀਸਰੀ ਇਕੱਤਰਤਾ ਸੱਦੀ ਗਈ ਹੈ। ਇਸ ਤੋਂ ਪਹਿਲਾਂ 10 ਦਸੰਬਰ ਨੂੰ 72 ਘੰਟੇ ਦੇ ਨੋਟਿਸ ‘ਤੇ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਸੱਦੀ ਗਈ ਸੀ, ਜਿਸ ਵਿਚ ਇਕ ਨੁਕਾਤੀ ਏਜੰਡਾ ਲਿਆ ਕੇ ਨਰਾਇਣ ਸਿੰਘ ਚੌੜਾ ਨੂੰ ਪੰਥ ਚੋਂ ਛੇਕਣ ਦਾ ਮਤਾ ਪਾਸ ਕਰਦਿਆ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਇਸ ਸਬੰਧੀ ਮੰਗ ਪੱਤਰ ਦਿੱਤਾ ਸੀ। ਇਸ ਤੋਂ ਉਪਰੰਤ 19 ਦਸੰਬਰ ਨੂੰ ਮੁੜ 72 ਘੰਟੇ ਦੇ ਨੋਟਿਸ ‘ਤੇ ਜੋ ਇਕੱਤਰਤਾ ਹੋਈ ਸੀ, ਉਸ ਵਿਚ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਲੱਗੇ ਦੋਸ਼ਾਂ ਦੀ ਪੜਤਾਲ ਲਈ ਇਕ ਸਬ ਕਮੇਟੀ ਗਠਤ ਕੀਤੀ ਸੀ। ਹੁਣ ਇਸ ਮਹੀਨੇ ਦੀ ਹੋਣ ਵਾਲੀ ਤੀਸਰੀ ਇਕੱਤਰਤਾ ਵਿਚ ਜਿਥੇ ਗੁਰਦੁਆਰਾ ਸੈਕਸ਼ਨ 85 ਤੇ 87 ਨਾਲ ਸਬੰਧਤ ਕੰਮਕਾਜ ਕੀਤੇ ਜਾਣਗੇ, ਉਥੇ ਪੰਥਕ ਮਸਲਿਆ ਸਬੰਧੀ ਵੀ ਮਤੇ ਪਾਸ ਕੀਤੇ ਜਾ ਸਕਦੇ ਹਨ, ਜਿਸ ਵਿਚ ਗਿਆਨੀ ਹਰਪ੍ਰੀਤ ਸਿੰਘ ਦਾ ਮਾਮਲਾ ਅਹਿਮ ਹੋ ਸਕਦਾ ਹੈ।