ਜਲੰਧਰ : ਕਾਂਗਰਸ ਪਾਰਟੀ ਦੀ ਟਿਕਟ ਉੱਤੇ ਕੌਂਸਲਰ ਦੀ ਚੋਣ ਜਿੱਤਣ ਉਪਰੰਤ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣ ਵਾਲੇ ਕੌਂਸਲਰਾਂ ਖਿਲਾਫ ਕਾਂਗਰਸ ਦਾ ਰੋਹ ਸ਼ਾਂਤ ਨਹੀਂ ਹੋ ਰਿਹਾ। ਕਾਂਗਰਸ ਆਗੂ ਤੇ ਵਰਕਰ ਉਕਤ ਕੌਂਸਲਰਾਂ ਨੂੰ ਪਾਰਟੀ ਦੇ ਗੱਦਾਰ ਕਹਿ ਕੇ ਉਨ੍ਹਾਂ ਦੇ ਘਰ ਬਾਹਰ ਧਰਨੇ ਲਾ ਰਹੇ ਹਨ। ਬੀਤੇ ਕੱਲ੍ਹ ਆਪ ਵਿਚ ਜਾਣ ਵਾਲੀ ਕੌਂਸਲਰ ਪ੍ਰਵੀਨ ਵਾਸਨ ਦੇ ਘਰ ਬਾਹਰ ਧਰਨਾ ਲਾਉਣ ਤੋਂ ਬਾਅਦ ਅੱਜ ਫਿਰ ਕਾਂਗਰਸ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਰਜਿੰਦਰ ਬੇਰੀ ਦੀ ਅਗਵਾਈ ਹੇਠ ਵਾਰਡ 47 ਅਵਤਾਰ ਨਗਰ ਵਾਸੀ ਕੌਂਸਲਰ ਮਨਮੀਤ ਕੌਰ ਦੇ ਘਰ ਬਾਹਰ ਧਰਨਾ ਲਾ ਦਿੱਤਾ ਹੈ। ਧਰਨਾ ਲੱਗਣ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਵੀ ਉੱਥੇ ਪਹੁੰਚ ਗਈ ਤੇ ਧਰਨਾਕਾਰੀਆਂ ਨੂੰ ਧਰਨਾ ਲਾਉਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਕਾਂਗਰਸੀ ਆਗੂਆਂ ਤੇ ਪੁਲਿਸ ਵਿਚਾਲੇ ਧੱਕਾਮੁੱਕੀ ਵੀ ਹੋਈ। ਇਸ ਦੇ ਬਾਵਜੂਦ ਕਾਂਗਰਸੀ ਕੌਂਸਲਰ ਮਨਮੀਤ ਕੌਰ ਦੇ ਘਰ ਬਾਹਰ ਧਰਨਾ ਲਾ ਕੇ ਬੈਠ ਗਏ। ਖ਼ਬਰ ਲਿਖੇ ਜਾਣ ਤੱਕ ਕਾਂਗਰਸ ਪਾਰਟੀ ਦਾ ਧਰਨਾ ਜਾਰੀ ਸੀ। ਇਸ ਧਰਨੇ ਵਿਚ ਪ੍ਰਧਾਨ ਰਜਿੰਦਰ ਬੇਰੀ ਤੋਂ ਇਲਾਵਾ ਵੈਸਟ ਹਲਕੇ ਤੋਂ ਇੰਚਾਰਜ ਸੁਰਿੰਦਰ ਕੌਰ, ਅਸ਼ਵਨੀ ਜੰਗਰਾਲ ਤੇ ਹੋਰ ਪਾਰਟੀ ਆਗੂ ਤੇ ਵਰਕਰ ਹਾਜ਼ਰ ਸਨ।