ਮੇਰਾ ਆਪਣਾ ਪੰਜਾਬ, ਫ਼ਤਹਿਗੜ੍ਹ ਸਾਹਿਬ : ਭਾਸ਼ਾ ਵਿਭਾਗ, ਪੰਜਾਬ ਅਤੇ ਜ਼ਿਲ੍ਹਾ ਪ੍ਰਸ਼ਾਸਨ ਫ਼ਤਹਿਗੜ੍ਹ ਸਾਹਿਬ ਵੱਲੋਂ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਜੀ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਕਵੀ ਦਰਬਾਰ ਡੀਸੀ ਦਫ਼ਤਰ ਕੰਪਲੈਕਸ ਵਿੱਚ ਕਰਵਾਇਆ ਗਿਆ। ਧਾਰਮਿਕ ਕਵੀ ਦਰਬਾਰ ਦੀ ਸ਼ੁਰੂਆਤ ਭਾਸ਼ਾ ਵਿਭਾਗ ਪੰਜਾਬ ਦੀ ਵਿਭਾਗੀ ਧੁਨੀ ਧੰਨੁ ਲਿਖਾਰੀ ਨਾਨਕਾ ਨਾਲ ਹੋਈ। ਇਸ ਸਮਾਗਮ ਵਿੱਚ ਸਾਹਿਤ ਸਭਾ ਮੰਡੀ ਗੋਬਿੰਦਗੜ੍ਹ ਤੋਂ ਉਪਕਾਰ ਸਿੰਘ ਦਿਆਲਪੁਰੀ, ਪੰਜਾਬੀ ਲਿਖਾਰੀ ਸਭਾ ਸਰਹਿੰਦ ਤੋਂ ਬਲਤੇਜ ਸਿੰਘ ਬਠਿੰਡਾ, ਪੰਜਾਬੀ ਚੇਤਨਾ ਸਾਹਿਤ ਸਭਾ ਸਰਹਿੰਦ ਤੋਂ ਹਾਕਮ ਸਿੰਘ ਅਤੇ ਸਾਹਿਤ ਸਭਾ ਅਮਲੋਹ ਤੋਂ ਬਲਵੀਰ ਸਿੰਘ ਵਿਸ਼ੇਸ਼ ਤੌਰ ਉੱਤੇ ਇਸ ਸਮਾਗਮ ਵਿੱਚ ਸ਼ਾਮਲ ਹੋਏ। ਇਸ ਮੌਕੇ ਹਲਕਾ ਵਿਧਾਇਕ ਲਖਬੀਰ ਸਿੰਘ ਰਾਏ ਨੇ ਕਿਹਾ ਕਿ ਨੌਜਵਾਨ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨੂੰ ਪਿਆਰ ਕਰਨ ਅਤੇ ਸਿੱਖੀ ਵਿਰਸੇ ਨੂੰ ਸੰਭਾਲਣ। ਉਨ੍ਹਾਂ ਨੇ ਕਿਹਾ ਕਿ ਨੌਜਵਾਨਾਂ ਨੂੰ ਸਾਹਿਤ ਅਤੇ ਇਤਿਹਾਸ ਨੂੰ ਪੜ੍ਹਨ ਦੀ ਬਹੁਤ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬੀ ਭਾਸ਼ਾ ਦੇ ਪਸਾਰ ਤੇ ਪ੍ਰਸਾਰ ਲਈ ਵੱਡੇ ਪੱਧਰ ਤੇ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਸਾਡੀਆਂ ਨਸਲਾਂ ਮਾਂ ਬੋਲੀ ਨਾਲ ਜੁੜੀਆਂ ਰਹਿਣ। ਇਸ ਮੌਕੇ ਹਲਕਾ ਵਿਧਾਇਕ ਲਖਬੀਰ ਸਿੰਘ ਰਾਏ, ਡਿਪਟੀ ਕਮਿਸ਼ਨਰ ਡਾ.ਸੋਨਾ ਥਿੰਦ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਗੀਤਿਕਾ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੁਰਿੰਦਰ ਸਿੰਘ ਧਾਲੀਵਾਲ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ(ਫ਼.ਗ.ਸ) ਰਾਜ ਕੁਮਾਰ ਅਤੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ(ਮੋਹਾਲੀ) ਰਵੀ ਇੰਦਰ ਸਿੰਘ ਨੂੰ ਵਿਭਾਗੀ ਪੁਸਤਕਾਂ ਭੇਟ ਕੀਤੀਆਂ। ਭਾਸ਼ਾ ਵਿਭਾਗ ਵੱਲੋਂ ਆਏ ਹੋਏ ਕਵੀਆਂ ਨੂੰ ਵਿਭਾਗੀ ਪੁਸਤਕਾਂ ਦਿੱਤੀਆਂ ਗਈਆਂ। ਮੰਚ ਸੰਚਾਲਨ ਜ਼ਿਲ੍ਹਾ ਭਾਸ਼ਾ ਅਫ਼ਸਰ, ਪਟਿਆਲਾ ਮਨਜਿੰਦਰ ਸਿੰਘ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ। ਸਮਾਗਮ ਦੇ ਅੰਤ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰ ਸੰਦੀਪ ਸਿੰਘ ਨੇ ਕਵੀਆਂ ਅਤੇ ਸਮੂਹ ਸਰੋਤਿਆਂ ਦਾ ਧੰਨਵਾਦ ਕੀਤਾ।
ਨੌਜਵਾਨਾਂ ਨੂੰ ਵੱਧ ਤੋਂ ਵੱਧ ਸਾਹਿਤ ਨਾਲ ਜੋੜਿਆ ਜਾਵੇ : ਡੀਸੀ
ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਕਿਹਾ ਕਿ ਚੰਗੇ ਸਾਹਿਤ ਨਾਲ ਸਮਾਜ ਵਿੱਚ ਵੱਡੇ ਪੱਧਰ ਉੱਤੇ ਸਾਰਥਕ ਤਬਦੀਲੀ ਆ ਸਕਦੀ ਹੈ। ਅੱਜ ਲੋੜ ਹੈ ਕਿ ਵੱਧ ਤੋਂ ਵੱਧ ਨੌਜਵਾਨਾਂ ਨੂੰ ਸਾਹਿਤ ਨਾਲ ਜੋੜਿਆ ਜਾਵੇ। ਭਾਸ਼ਾ ਵਿਭਾਗ ਪੰਜਾਬ ਦੇ ਸਾਬਕਾ ਸਹਾਇਕ ਡਾਇਰੈਕਟਰ ਕੰਵਲਜੀਤ ਕੌਰ ਨੇ ਕਵੀਆਂ ਅਤੇ ਸੰਗਤ ਨੂੰ ਜੀ ਆਇਆ ਕਿਹਾ। ਕਵੀ ਦਰਬਾਰ ਦੀ ਸ਼ੁਰੂਆਤ ਵਿੱਚ ਰਾਮ ਸਿੰਘ ਅਲਬੇਲਾ ਜੀ ਨੇ ਲੋਕ ਸਾਜ਼ ਤੂੰਬੀ ਨਾਲ ਆਪਣੀ ਰਚਨਾ ਪੇਸ਼ ਕੀਤੀ। ਇਸ ਪਿੱਛੋਂ ਕਵੀ ਰਣਜੀਤ ਸਿੰਘ, ਉਪਕਾਰ ਸਿੰਘ ਦਿਆਲਪੁਰੀ, ਜਸਪਾਲ ਸਿੰਘ ਦੇਸੂਵੀ, ਰਸ਼ਪਾਲ ਸਿੰਘ ਰੈਸਲ, ਗੁਰਪ੍ਰੀਤ ਸਿੰਘ ਵੜੈਚ, ਮਨਜੀਤ ਸਿੰਘ ਘੁੰਮਣ, ਸੁਰਿੰਦਰ ਕੌਰ ਬਾੜਾ, ਸੰਤ ਸਿੰਘ ਸੋਹਲ, ਹਰਜਿੰਦਰ ਸਿੰਘ ਗੋਪਾਲੋਂ, ਅਮਰਜੀਤ ਸ਼ੇਰਪੁਰੀ, ਅਮਰਬੀਰ ਸਿੰਘ ਚੀਮਾ, ਹਰੀ ਸਿੰਘ ਚਮਕ, ਸੁਖਦੇਵ ਸਿੰਘ ਅਨਾਇਤਪੁਰ, ਸ਼ਮਸ਼ੇਰ ਸਿੰਘ ਸ਼ੇਰ ਰਾਣਵਾਂ, ਤਾਰਾ ਸਿੰਘ ਮੱਠੀਆੜਾ, ਬਰਜਿੰਦਰ ਸਿੰਘ, ਬਲਤੇਜ ਸਿੰਘ ਬਠਿੰਡਾ, ਹਾਕਮ ਸਿੰਘ, ਬਲਵੀਰ ਸਿੰਘ, ਦੀਪ ਝਿੰਜਰ ਅਤੇ ਹਰਬੰਸ ਸਿੰਘ ਸ਼ਾਨ ਕਵੀਆਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੀਆਂ ਆਪਣੀਆਂ ਕਵਿਤਾਵਾਂ ਸਰੋਤਿਆਂ ਅਤੇ ਸੰਗਤ ਨੂੰ ਸੁਣਾਈਆਂ। ਛੋਟੀ ਬੱਚੀ ਪਹਿਲਪ੍ਰੀਤ ਕੌਰ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਗੀਤ ਗਾਇਆ।