ਮੇਰਾ ਆਪਣਾ ਪੰਜਾਬ, ਲੁਧਿਆਣਾ : ਲੁਧਿਆਣਾ ਦੇ ਬਸਤੀ ਜੋਧੇਵਾਲ ਚੌਕ ਦੇ ਲਾਗੇ ਟੀਵੀਐੱਸ ਦੇ ਸ਼ੋਅਰੂਮ ਦੀ ਦੂਸਰੀ ਮੰਜ਼ਿਲ ’ਤੇ ਅਚਾਨਕ ਅੱਗ ਲੱਗ ਗਈ। ਹਾਦਸਾ ਇਸ ਕਦਰ ਭਿਆਨਕ ਸੀ ਕਿ ਸ਼ੋਅਰੂਮ ’ਚ ਪਏ 40 ਦੇ ਕਰੀਬ ਇਲੈਕਟ੍ਰਿਕ ਸਕੂਟਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਏ। ਅੱਗ ਦੀਆਂ ਲਪਟਾਂ ਦੇਖ ਕੇ ਆਲੇ-ਦੁਆਲੇ ਦੇ ਲੋਕ ਹਾਦਸੇ ਵਾਲੀ ਥਾਂ ਦੇ ਕੋਲ ਪਹੁੰਚੇ ਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਇਸ ਮਾਮਲੇ ਸਬੰਧੀ ਲੋਕਾਂ ਨੇ ਸ਼ੋਅਰੂਮ ਦੇ ਮਾਲਕ ਨੂੰ ਵੀ ਫੋਨ ’ਤੇ ਜਾਣਕਾਰੀ ਦਿੱਤੀ। ਸੂਚਨਾ ਤੋਂ ਬਾਅਦ ਮੌਕੇ ’ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਨੇ ਇਹ 4 ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਸ਼ੁਰੂਆਤੀ ਜਾਂਚ ਦੌਰਾਨ ਸਾਹਮਣੇ ਆ ਰਿਹਾ ਹੈ ਕਿ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਹੈ। ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਜਦੋਂ ਇਹ ਹਾਦਸਾ ਵਾਪਰਿਆ ਸਭ ਤੋਂ ਪਹਿਲੋਂ ਸ਼ੋਅਰੂਮ ਦੇ ਬਿਲਕੁਲ ਨਾਲ ਪੈਂਦੇ ਪੈਟਰੋਲ ਪੰਪ ਦੇ ਮੁਲਾਜ਼ਮਾਂ ਨੇ ਰੌਲਾ ਪਾਇਆ। ਉਨ੍ਹਾਂ ਨੇ ਇਸ ਸਬੰਧੀ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ।
ਸ਼ੋਅਰੂਮ ਦੀ ਦੂਸਰੀ ਮੰਜ਼ਿਲ ’ਤੇ ਹੋਏ ਧਮਾਕੇ
ਚਸ਼ਮਦੀਦਾਂ ਦੇ ਮੁਤਾਬਕ ਅੱਗ ਲੱਗਣ ਦੇ ਕੁਝ ਸਮੇਂ ਬਾਅਦ ਦੂਸਰੀ ਮੰਜ਼ਿਲ ਤੋਂ ਧਮਾਕਿਆਂ ਦੀ ਆਵਾਜ਼ ਆਉਣ ਲੱਗ ਪਈ। ਇਹ ਧਮਾਕੇ ਲਗਾਤਾਰ ਹੋ ਰਹੇ ਸਨ, ਜਿਸ ਦੇ ਚੱਲਦੇ ਆਲੇ-ਦੁਆਲੇ ਦੇ ਇਲਾਕੇ ’ਚ ਦਹਿਸ਼ਤ ਬਣ ਗਈ। ਖਦਸ਼ਾ ਇਹ ਹੈ ਕਿ ਹਾਦਸੇ ਦੌਰਾਨ ਸ਼ੋਅਰੂਮ ’ਚ ਪਈਆਂ ਬੈਟਰੀਆਂ ਫੱਟ ਰਹੀਆਂ ਸਨ। ਹਾਦਸਾ ਇਸ ਕਦਰ ਭਿਆਨਕ ਸੀ ਕਿ ਅੱਗ ਦੀਆਂ ਲਪਟਾਂ ਦੂਰ-ਦੂਰ ਤੱਕ ਦਿਖਾਈ ਦੇ ਰਹੀਆਂ ਸਨ।
ਅੱਗ ਬਝਾਉਣ ਲਈ ਲੱਗੇ ਦਰਜਨ ਤੋਂ ਵੱਧ ਟੈਂਡਰ
ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਿਸ ਤਰ੍ਹਾਂ ਹੀ ਹਾਦਸੇ ਦੀ ਸੂਚਨਾ ਮਿਲੀ ਫਾਇਰ ਬ੍ਰਿਗੇਡ ਦੀ ਟੀਮ ਤੁਰੰਤ ਮੌਕੇ ’ਤੇ ਪਹੁੰਚੀ। ਇਸੇ ਦੌਰਾਨ ਲੋਕਲ ਅੱਡਾ, ਸੁੰਦਰ ਨਗਰ ਤੇ ਤਾਜਪੁਰ ਰੋਡ ਦੇ ਫਾਇਰ ਸਟੇਸ਼ਨਾਂ ਤੋਂ ਟੈਂਡਰ ਬੁਲਾਏ ਗਏ। ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ 12 ਤੋਂ 13 ਟੈਂਡਰਾਂ ਦੀ ਮਦਦ ਨਾਲ ਅੱਗ ’ਤੇ ਪੂਰੀ ਤਰਾਂ ਕਾਬੂ ਪਾ ਲਿਆ।