ਮੇਰਾ ਆਪਣਾ ਪੰਜਾਬ : ਪੰਜਾਬੀ ਗਾਇਕ ਰਣਜੀਤ ਬਾਵਾ ਨੂੰ ਵਿਦੇਸ਼ੀ ਨੰਬਰ ਤੋਂ ਧਮਕੀ ਮਿਲੀ ਹੈ। ਇਸ ਦੀ ਸ਼ਿਕਾਇਤ ਬਾਵਾ ਦੇ ਮੈਨੇਜਰ ਮਲਕੀਤ ਸਿੰਘ ਨੇ ਪੁਲਿਸ ਨੂੰ ਦਿੱਤੀ ਹੈ ਜਿਸ ਤੋਂ ਬਾਅਦ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਸ਼ਿਕਾਇਤ ‘ਚ ਦੱਸਿਆ ਗਿਆ ਕਿ ਪਹਿਲਾਂ ਰਣਜੀਤ ਬਾਵਾ ਨੂੰ ਦੋ ਮੈਸੇਜ ਆਏ। ਇਕ ਵਿਚ ਇਕ ਕਰੋੜ ਤੇ ਦੂਜੇ ਵਿਚ ਦੋ ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ। ਫਿਰ ਵਿਦੇਸ਼ੀ ਨੰਬਰ ਤੋਂ ਕਾਲ ਆਈ ਕਿ ਜੇਕਰ ਫਿਰੌਤੀ ਦੀ ਰਕਮ ਨਾ ਦਿੱਤੀ ਤਾਂ ਉਸ ਨੂੰ ਇਸ ਦੇ ਭਿਆਨਕ ਨਤੀਜੇ ਭੁਗਤਣੇ ਪੈਣਗੇ। ਮਲਕੀਤ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਸਭ ਤੋਂ ਪਹਿਲਾਂ ਬਾਵਾ ਨੂੰ 14 ਨਵੰਬਰ ਨੂੰ ਮੋਹਾਲੀ ਸਥਿਤ ਵਾਲੇ ਘਰ ‘ਚ +447585019808 ਤੋਂ ਇਕ ਵਟਸਐਪ ਕਾਲ ਆਈ ਜਿਸ ਨੂੰ ਅਸੀਂ ਅਣਗੌਲਿਆ ਕਰ ਦਿੱਤਾ। ਬਾਅਦ ਵਿੱਚ ਉਸੇ ਨੰਬਰ ਤੋਂ ਇਕ ਆਡੀਓ ਮੈਸੇਜ ਆਇਆ ਜਿਸ ਵਿੱਚ ਧਮਕੀ ਦਿੱਤੀ ਗਈ ਸੀ ਕਿ ਜੇਕਰ ਫਿਰੌਤੀ ਦੀ ਰਕਮ ਅਦਾ ਨਾ ਕੀਤੀ ਗਈ ਤਾਂ ਗੰਭੀਰ ਨਤੀਜੇ ਭੁਗਤਣੇ ਪੈਣਗੇ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਗਾਇਕ ਦਾ ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਦੇ ਨਾਲਾਗੜ੍ਹ ‘ਚ ਇਕ ਸ਼ੋਅ ਰੱਦ ਕਰ ਦਿੱਤਾ ਗਿਆ ਸੀ। ਹਿੰਦੂ ਸੰਗਠਨਾਂ ਦੇ ਵਿਰੋਧ ਤੋਂ ਬਾਅਦ ਪ੍ਰਸ਼ਾਸਨ ਨੇ ਇਹ ਫੈਸਲਾ ਲਿਆ ਗਿਆ। ਹਿੰਦੂ ਸੰਗਠਨਾਂ ਨੇ ਗਾਇਕ ਦਾ ਇਹ ਕਹਿ ਕੇ ਵਿਰੋਧ ਕੀਤਾ ਸੀ ਕਿ ਉਸ ਨੇ ਇਕ ਗੀਤ ‘ਮੇਰਾ ਕੀ ਕਸੂਰ’ ‘ਚ ਹਿੰਦੂ ਦੇਵੀ-ਦੇਵਤਿਆਂ ‘ਤੇ ਟਿੱਪਣੀਆਂ ਕੀਤੀਆਂ ਸਨ, ਇਸ ਲਈ ਉਸ ਨੂੰ ਮੇਲੇ ‘ਚ ਨਾ ਬੁਲਾਇਆ ਜਾਵੇ।