ਮੇਰਾ ਆਪਣਾ ਪੰਜਾਬ ਚੰਡੀਗੜ੍ਹ : ਪੰਜ ਨਗਰ ਨਿਗਮਾਂ ’ਚ ਹਾਊਸ ਦੇ ਗਠਨ ਨੂੰ ਲੈ ਕੇ ਸਥਾਨਕ ਸਰਕਾਰਾਂ ਵਿਭਾਗ ਨੇ ਮੰਗਲਵਾਰ ਨੂੰ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ। ਨੋਟੀਫਿਕੇਸ਼ਨ ਤਹਿਤ ਲੁਧਿਆਣਾ ’ਚ ਮੇਅਰ ਅਹੁਦੇ ਨੂੰ ਔਰਤ ਲਈ ਰਾਖਵਾਂ ਕੀਤਾ ਗਿਆ ਹੈ। ਬਾਕੀ ਦੇ ਚਾਰ ਨਗਰ ਨਿਗਮ ਜਨਰਲ ਹੋਣਗੇ ਭਾਵ ਉੱਥੇ ਕੋਈ ਵੀ ਮੇਅਰ ਬਣ ਸਕਦਾ ਹੈ। ਪੰਜ ਨਗਰ ਨਿਗਮਾਂ ਲਈ 21 ਦਸੰਬਰ 2024 ਨੂੰ ਵੋਟਾਂ ਪਈਆਂ ਸਨ ਅਤੇ ਉਸੇ ਦਿਨ ਸ਼ਾਮ ਨੂੰ ਨਤੀਜੇ ਆਏ ਸਨ। ਜਾਣਕਾਰੀ ਅਨੁਸਾਰ, ਮੇਅਰਾਂ ’ਚ ਰੋਟੇਸ਼ਨ ਨੂੰ ਲੈ ਕੇ ‘ਪੰਜਾਬ ਰਾਖਵਾਂਕਰਨ ਮੇਅਰ ਦਫ਼ਤਰ ਨਗਰ ਨਿਗਮ ਨਿਯਮ 2017’ ਬਣਾਇਆ ਗਿਆ ਹੈ। ਜਾਣਕਾਰੀ ਅਨੁਸਾਰ, ਰੋਟੇਸ਼ਨ ’ਚ ਦੋ ਤਰ੍ਹਾਂ ਦੇ ਨਿਯਮ ਹੁੰਦੇ ਹਨ। ਜੇਕਰ ਪੰਜ ਨਗਰ ਨਿਗਮ ਇਕੱਠੇ ਆਪਣਾ ਕਾਰਜਕਾਲ ਪੂਰਾ ਕਰਦੇ ਹਨ ਤਾਂ ਉਸ ’ਚ ‘ਅਲਫ਼ਬੇਟ’ ਭਾਵ ਉਸ ਦੀ ਗਿਣਤੀ ਪਹਿਲੇ ਅੱਖਰ ਤੋਂ ਸ਼ੁਰੂ ਹੋਵੇਗੀ। ਜੇਕਰ ਨਗਰ ਨਿਗਮ ਦਾ ਕਾਰਜਕਾਲ ਵੱਖ-ਵੱਖ ਸਮੇਂ ਖਤਮ ਹੁੰਦਾ ਹੈ ਤਾਂ ਉਹ ਗਿਣਤੀ ਦੇ ਹਿਸਾਬ ਨਾਲ ਹੀ ਚੱਲੇਗਾ। ਰੋਟੇਸ਼ਨ ਪਾਲਿਸੀ ਤਹਿਤ 17 ਨੰਬਰ ਨੂੰ ਮਹਿਲਾ ਮੇਅਰ ਲਈ ਰਾਖਵਾਂ ਕੀਤਾ ਗਿਆ ਸੀ। ਭਾਵ 17ਵਾਂ ਮੇਅਰ। ਇਸ ਵਾਰ ਲੁਧਿਆਣਾ ਨਗਰ ਨਿਗਮ ਦਾ ਨੰਬਰ 17 ਸੀ। ਇਸ ਲਈ ਲੁਧਿਆਣਾ ’ਚ ਮੇਅਰ ਸੀਟ ਔਰਤਾਂ ਲਈ ਰਾਖਵੀਂ ਕੀਤੀ ਗਈ ਹੈ।