ਮੇਰਾ ਆਪਣਾ ਪੰਜਾਬ (ਪਵਨ ਲੀਅਰ, ਵਰਿੰਦਰ ਕੁਮਾਰ) : ਜ਼ਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਗੁਰਾਇਆ ਦੀ ਪੁਲਿਸ ਨੇ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਵੱਡੀ ਕਾਰਵਾਈ ਕਰਦੇ ਹੋਏ ਨਜਾਇਜ਼ ਸ਼ਰਾਬ ਬਣਾਉਣ ਅਤੇ ਵੇਚਣ ਵਾਲੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਪਾਸੋਂ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਅਤੇ ਇਸ ਨੂੰ ਬਣਾਉਣ ਵਾਲਾ ਸਾਮਾਨ ਬਰਾਮਦ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਗੁਰਾਇਆ ਦੇ ਮੁਖੀ ਇੰਸਪੈਕਟਰ ਸਿਕੰਦਰ ਸਿੰਘ ਵਿਰਕ ਨੇ ਦੱਸਿਆ ਕਿ ਏ.ਐੱਸ.ਆਈ. ਅਮਨਦੀਪ, ਚੌਂਕੀ ਇੰਚਾਰਜ ਰੁੜਕਾ ਕਲਾਂ, ਆਪਣੀ ਟੀਮ ਸਮੇਤ ਰਾਜ ਗੋਮਾਲ ਟੀ-ਪੁਆਇੰਟ ਰੁੜਕਾ ਕਲਾਂ ਵਿਖੇ ਮੌਜੂਦ ਸਨ, ਜਦੋਂ ਉਨ੍ਹਾਂ ਨੂੰ ਇੱਕ ਗੁਪਤ ਸੂਚਨਾ ਮਿਲੀ। ਮੁਖ਼ਬਰ ਨੇ ਦੱਸਿਆ ਕਿ ਬਹਾਦਰ ਸਿੰਘ, ਸੁਖਦੇਵ ਸਿੰਘ, ਬਲਜੀਤ ਸਿੰਘ (ਸਾਰੇ ਰੁੜਕਾ ਕਲਾਂ ਦੇ ਵਸਨੀਕ) ਅਤੇ ਰਾਜੇਸ਼ ਯਾਦਵ (ਬਿਹਾਰ ਦਾ ਵਸਨੀਕ) ਆਪਣੇ ਘਰਾਂ ਵਿੱਚ ਨਜਾਇਜ਼ ਸ਼ਰਾਬ ਬਣਾ ਕੇ ਵੇਚਣ ਦਾ ਧੰਦਾ ਕਰਦੇ ਹਨ।
ਸੂਚਨਾ ਦੇ ਆਧਾਰ ‘ਤੇ ਏ.ਐੱਸ.ਆਈ. ਅਮਨਦੀਪ ਨੇ ਆਪਣੀ ਟੀਮ ਨਾਲ ਬਹਾਦਰ ਸਿੰਘ ਦੇ ਘਰ ਛਾਪਾ ਮਾਰਿਆ। ਇਸ ਦੌਰਾਨ ਪੁਲਿਸ ਨੇ ਮੌਕੇ ਤੋਂ ਬਲਜੀਤ ਸਿੰਘ ਪੁੱਤਰ ਰੇਸ਼ਮ ਸਿੰਘ ਅਤੇ ਰਾਜੇਸ਼ ਯਾਦਵ ਪੁੱਤਰ ਬਰਿੰਦਰ ਯਾਦਵ ਨੂੰ ਕਾਬੂ ਕਰ ਲਿਆ, ਜਦੋਂਕਿ ਸੁਖਦੇਵ ਸਿੰਘ ਅਤੇ ਬਹਾਦਰ ਸਿੰਘ ਭੱਜਣ ਵਿੱਚ ਕਾਮਯਾਬ ਹੋ ਗਏ। ਛਾਪੇਮਾਰੀ ਦੌਰਾਨ ਪੁਲਿਸ ਨੇ ਇੱਕ ਚਾਲੂ ਭੱਠੀ ਬਰਾਮਦ ਕੀਤੀ ਅਤੇ ਉਸ ਵਿੱਚੋਂ 1200 ਲੀਟਰ ਲਾਹਣ ਅਤੇ 1,50,000 ਐਮ.ਐਲ. (150 ਲੀਟਰ) ਨਜਾਇਜ਼ ਸ਼ਰਾਬ ਬਰਾਮਦ ਕੀਤੀ। ਇਸ ਤੋਂ ਇਲਾਵਾ, ਨਾਜਾਇਜ਼ ਸ਼ਰਾਬ ਬਣਾਉਣ ਲਈ ਵਰਤਿਆ ਜਾਣ ਵਾਲਾ ਸਮਾਨ, ਜਿਵੇਂ ਕਿ ਤਿੰਨ ਗੈਸ ਸਿਲੰਡਰ, ਇੱਕ ਡਿਸਟਲਰੀ ਟੱਬ, ਇੱਕ ਗੈਸ ਚੁੱਲ੍ਹਾ, ਅਤੇ ਅੱਠ ਡਰਾਮ ਵੀ ਬਰਾਮਦ ਕੀਤੇ ਗਏ। ਇੰਸਪੈਕਟਰ ਸਿਕੰਦਰ ਸਿੰਘ ਵਿਰਕ ਨੇ ਦੱਸਿਆ ਕਿ ਪੁਲਿਸ ਵੱਲੋਂ ਮੁਲਜ਼ਮਾਂ ਖਿਲਾਫ਼ ਮੁਕੱਦਮਾ ਨੰਬਰ 145, ਧਾਰਾ 61-1-14 ਆਬਕਾਰੀ ਐਕਟ ਅਤੇ 123, 62 ਬੀ.ਐਨ.ਐਸ. ਐਕਟ ਤਹਿਤ ਦਰਜ ਕਰ ਲਿਆ ਗਿਆ ਹੈ। ਮੁੱਢਲੀ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਭੱਜੇ ਹੋਏ ਮੁਲਜ਼ਮ ਬਹਾਦਰ ਸਿੰਘ ਅਤੇ ਸੁਖਦੇਵ ਸਿੰਘ ਪਿਛਲੇ ਕਾਫੀ ਸਮੇਂ ਤੋਂ ਸਤਲੁਜ ਦਰਿਆ ਦੇ ਕੰਢਿਆਂ ਤੋਂ ਨਜਾਇਜ਼ ਸ਼ਰਾਬ ਲਿਆ ਕੇ ਪਿੰਡਾਂ ਵਿੱਚ ਵੇਚਦੇ ਸਨ। ਇਸ ਕੰਮ ਤੋਂ ਜ਼ਿਆਦਾ ਕਮਾਈ ਹੋਣ ਕਾਰਨ ਉਨ੍ਹਾਂ ਨੇ ਆਪਣੇ ਘਰ ਵਿੱਚ ਹੀ ਸ਼ਰਾਬ ਕੱਢਣੀ ਸ਼ੁਰੂ ਕਰ ਦਿੱਤੀ ਸੀ ਅਤੇ ਆਪਣੀ ਹਵੇਲੀ ਦੇ ਵਿਹੜੇ ਵਿੱਚ ਬੰਕਰ ਬਣਾ ਕੇ ਸ਼ਰਾਬ ਲੁਕਾ ਕੇ ਰੱਖਦੇ ਸਨ। ਥਾਣਾ ਮੁਖੀ ਨੇ ਅੱਗੇ ਦੱਸਿਆ ਕਿ ਸੁਖਦੇਵ ਸਿੰਘ ਖਿਲਾਫ਼ ਪਹਿਲਾਂ ਵੀ 5 ਅਤੇ ਬਹਾਦਰ ਸਿੰਘ ਖਿਲਾਫ਼ 2 ਮੁਕੱਦਮੇ ਦਰਜ ਹਨ। ਪੁਲਿਸ ਵੱਲੋਂ ਭੱਜੇ ਹੋਏ ਮੁਲਜ਼ਮਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਕਾਬੂ ਕੀਤੇ ਗਏ ਮੁਲਜ਼ਮਾਂ ਬਲਜੀਤ ਸਿੰਘ ਅਤੇ ਰਾਜੇਸ਼ ਯਾਦਵ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਤੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਸਕੇ। ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਹ ਅੱਗੇ ਕਿਸ-ਕਿਸ ਨੂੰ ਸ਼ਰਾਬ ਵੇਚਦੇ ਸਨ ਅਤੇ ਨਸ਼ਾ ਤਸਕਰਾਂ ਦੇ ਹੋਰ ਕਿਹੜੇ ਨੈੱਟਵਰਕ ਨਾਲ ਉਨ੍ਹਾਂ ਦੇ ਸਬੰਧ ਹਨ।