
ਮੇਰਾ ਆਪਣਾ ਪੰਜਾਬ, ਆਦਮਪੁਰ:(ਪਵਨ ਲੀਅਰ, ਅਮਿਤ ਸੱਭਰਵਾਲ)– ਜਲੰਧਰ ਪਠਾਨਕੋਟ ਰਾਸ਼ਟਰ ਰਾਜ ਮਾਰਗ ਤੇ ਸਥਿਤ ਸੱਧਾ ਕੋਲਡ ਸਟੋਰ ਨਜ਼ਦੀਕ ਮੋਟਰਸਾਈਕਲ ਦਾ ਸੰਤੁਲਨ ਵਿਗੜਨ ਕਾਰਨ ਤਿੰਨ ਜਣਿਆਂ ਦੇ ਗੰਭੀਰ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਏਐਸਆਈ ਰਣਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਐਮਡੀਟੀ ਡਿਵਾਈਸ ਤੋਂ ਸਵੇਰੇ 8 ਵਜੇ ਦੇ ਕਰੀਬ ਸੂਚਨਾ ਮਿਲੀ ਕਿ ਇੱਕ ਮੋਟਰਸਾਈਕਲ ਦਾ ਸੰਤੁਲਨ ਵਿਗੜਨ ਕਾਰਨ ਉਹ ਸੜਕ ਤੇ ਡਿੱਗੇ ਹਨ ਅਤੇ ਤਿੰਨ ਜਣੇ ਗੰਭੀਰ ਜਖਮੀ ਹੋ ਗਏ ਹਨ। ਇਸ ਦੌਰਾਨ ਐਸਐਸਐਫ ਟੀਮ ਨੇ ਮੌਕੇ ਤੇ ਜਾ ਕੇ ਦੇਖਿਆ ਤਾਂ ਮੋਟਰਸਾਈਕਲ ਨੰਬਰ ਪੀਬੀ06 ਬੀ ਕੇ 6146 ਜਿਸ ਨੂੰ ਦੀਪਕ ਪਾਸਵਾਨ ਪੁੱਤਰ ਸੁਖਦੇਵ ਪਾਸਵਾਨ ਵਾਸੀ ਹਰਚੋਵਾਲ ਰੋਡ ਕਸ਼ਮੀਰੀ ਕਲੋਨੀ ਕਾਦੀਆਂ ਜਿਲਾ ਗੁਰਦਾਸਪੁਰ ਚਲਾ ਰਿਹਾ ਸੀ ਅਤੇ ਉਸ ਦੇ ਪਿੱਛੇ ਉਸ ਦੀ ਪਤਨੀ ਨੀਲਮ ਅਤੇ ਉਸਦੀ ਪੁੱਤਰੀ ਵੰਦਨਾ ਸਵਾਰ ਸਨ। ਜਿਨਾਂ ਦਾ ਅਚਾਨਕ ਸੰਤੁਲਨ ਵਿਗੜਨ ਕਾਰਨ ਉਹ ਸੜਕ ਵਿਚਕਾਰ ਡਿੱਗ ਗਏ ਅਤੇ ਕਾਫੀ ਸੱਟਾਂ ਲੱਗਣ ਕਾਰਨ ਗੰਭੀਰ ਜਖਮੀ ਹੋ ਗਏ। ਇਸ ਦੌਰਾਨ ਐਸਐਸਐਫ ਟੀਮ ਨੇ ਤਿੰਨਾਂ ਜਣਿਆਂ ਨੂੰ ਜਖਮੀ ਹਾਲਤ ਵਿੱਚ ਆਪਣੀ ਗੱਡੀ ਵਿੱਚ ਸਿਵਿਲ ਹਸਪਤਾਲ ਕਾਲਾ ਬੱਕਰਾ ਵਿਖੇ ਪਹੁੰਚਾ ਕੇ ਇਲਾਜ ਲਈ ਦਾਖਿਲ ਕਰਵਾਇਆ ਗਿਆ ਅਤੇ ਇਸ ਘਟਨਾ ਸਬੰਧੀ ਚੌਂਕੀ ਲਾਹਦੜਾ ਨੂੰ ਸੂਚਿਤ ਕੀਤਾ ਗਿਆ ਅਤੇ ਰੋਡ ਕਲੀਅਰ ਕਰਵਾ ਕੇ ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਾਲੂ ਕਰਵਾਇਆ ਗਿਆ।