
ਮੇਰਾ ਆਪਣਾ ਪੰਜਾਬ, ਕਰਤਾਰਪੁਰ (ਨੀਰਜ ਸਹੋਤਾ, ਅਮਿਤ ਸੱਭਰਵਾਲ) : ਅੱਜ ਸਵੇਰੇ ਤੜਕਸਾਰ ਕਰਤਾਰਪੁਰ ਨੇੜੇ ਕੌਮੀ ਮਾਰਗ ‘ਤੇ ਕਾਰ ਅਤੇ ਟਰੱਕ ਵਿਚਾਲੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਕਾਰ ਸਵਾਰ ਦੋ ਨੌਜਵਾਨਾਂ ਦੀ ਮੌਕੇ ‘ਤੇ ਹੀ ਦਰਦਨਾਕ ਮੌਤ ਹੋ ਗਈ, ਜਦਕਿ ਦੋ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਇਕੱਤਰ ਜਾਣਕਾਰੀ ਅਨੁਸਾਰ, ਅੰਮ੍ਰਿਤਸਰ ਦੇ ਰਹਿਣ ਵਾਲੇ ਪੰਜ ਦੋਸਤ ਬੀਤੀ ਰਾਤ ਇੱਕ ਨੀਲੇ ਰੰਗ ਦੀ ਬਲੈਨੋ ਕਾਰ (ਨੰ. HR 14 T 1034) ਵਿੱਚ ਸਵਾਰ ਹੋ ਕੇ ਜਲੰਧਰ ਵਿਖੇ ਇੱਕ ਸਮਾਗਮ ਵਿੱਚ ਸ਼ਾਮਲ ਹੋਣ ਗਏ ਸਨ। ਬੁੱਧਵਾਰ ਸਵੇਰੇ ਜਲੰਧਰ ਤੋਂ ਅੰਮ੍ਰਿਤਸਰ ਵਾਪਸੀ ਦੌਰਾਨ, ਸਥਾਨਕ ਭੁਲੱਥ ਮੋੜ ਤੋਂ ਥੋੜ੍ਹਾ ਅੱਗੇ ਪੁੱਜਣ ‘ਤੇ, ਅੱਗੇ ਜਾ ਰਹੇ ਲੋਹੇ ਦੇ ਸਰੀਏ ਨਾਲ ਲੱਦੇ ਟਾਟਾ ਕੰਪਨੀ ਦੇ ਟਰੱਕ (ਨੰ. PB 13 V 7311) ਦੇ ਚਾਲਕ ਵੱਲੋਂ ਅਚਾਨਕ ਬ੍ਰੇਕ ਮਾਰਨ ਕਾਰਨ ਉਨ੍ਹਾਂ ਦੀ ਕਾਰ ਟਰੱਕ ਹੇਠਾਂ ਜਾ ਵੜੀ। ਇਸ ਹਾਦਸੇ ਦੇ ਸਿੱਟੇ ਵਜੋਂ, ਕਾਰ ਦੀ ਅਗਲੀ ਸੀਟ ‘ਤੇ ਬੈਠੇ ਦੋਵੇਂ ਨੌਜਵਾਨ ਦੋਸਤ—ਚਾਂਦ ਪੁੱਤਰ ਅਨਿਲ ਕੁਮਾਰ (ਵਾਸੀ ਏਕਤਾ ਨਗਰ, ਅੰਮ੍ਰਿਤਸਰ) ਅਤੇ ਨਿਖਿਲ ਪੁੱਤਰ ਮੁਕੇਸ਼ ਕੁਮਾਰ (ਵਾਸੀ ਸਰਦਾਰ ਡੇਅਰੀ ਵਾਲੀ ਗਲੀ, ਅੰਮ੍ਰਿਤਸਰ)—ਦੇ ਚਿਹਰੇ, ਗਰਦਨ ਅਤੇ ਛਾਤੀ ਵਿੱਚ ਲੋਹੇ ਦੇ ਸਰੀਏ ਧਸ ਜਾਣ ਕਾਰਨ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਨੇ ਮ੍ਰਿਤਕ ਦੇਹਾਂ ਵਿੱਚੋਂ ਧੱਸੇ ਹੋਏ ਸਰੀਏ ਕੱਟ ਕੇ ਕਾਫੀ ਮੁਸ਼ੱਕਤ ਤੋਂ ਬਾਅਦ ਉਨ੍ਹਾਂ ਨੂੰ ਬਾਹਰ ਕੱਢਿਆ। ਕਾਰ ਦੀ ਪਿਛਲੀ ਸੀਟ ‘ਤੇ ਸਵਾਰ ਤਿੰਨ ਦੋਸਤਾਂ ਵਿੱਚੋਂ ਦੋ ਨੌਜਵਾਨ—ਸ਼ੁਭਮ ਪੁੱਤਰ ਸੋਹਨ ਲਾਲ ਅਤੇ ਅਮਰੀਕ ਸਿੰਘ ਪੁੱਤਰ ਮੱਖਣ ਸਿੰਘ (ਦੋਵੇਂ ਵਾਸੀ ਇਸਲਾਮਾਬਾਦ, ਅੰਮ੍ਰਿਤਸਰ)—ਦੀ ਹਾਲਤ ਗੰਭੀਰ ਦੱਸੀ ਗਈ ਹੈ। ਜਦਕਿ ਤੀਜਾ ਦੋਸਤ ਰੁਦਰ ਪੁੱਤਰ ਰਾਕੇਸ਼ ਕੁਮਾਰ (ਵਾਸੀ ਇਸਲਾਮਾਬਾਦ, ਅੰਮ੍ਰਿਤਸਰ) ਬਾਲ-ਬਾਲ ਬਚ ਗਿਆ। ਗੰਭੀਰ ਜ਼ਖਮੀਆਂ ਨੂੰ ਸਿਵਲ ਹਸਪਤਾਲ ਕਰਤਾਰਪੁਰ ਤੋਂ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਅੱਗੇ ਰੈਫਰ ਕਰ ਦਿੱਤਾ ਗਿਆ ਹੈ। ਥਾਣਾ ਕਰਤਾਰਪੁਰ ਪੁਲਿਸ ਦੇ ਤਫ਼ਤੀਸ਼ੀ ਅਫ਼ਸਰ, ਸਹਾਇਕ ਸਬ ਇੰਸਪੈਕਟਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਟਰੱਕ ਚਾਲਕ ਫਿਲਹਾਲ ਮੌਕੇ ਤੋਂ ਫ਼ਰਾਰ ਹੈ। ਪੁਲਿਸ ਨੇ ਉਸਦੇ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਆਰੰਭ ਦਿੱਤੀ ਹੈ।