
ਮੇਰਾ ਆਪਣਾ ਪੰਜਾਬ, ਆਦਮਪੁਰ (ਅਮਿਤ ਸੱਭਰਵਾਲ, ਨੀਰਜ ਸਹੋਤਾ): ਦਸਵੰਧ ਗਰੀਬਾਂ ਲਈ ਵੈਲਫੇਅਰ ਸੁਸਾਇਟੀ ਰਜਿ. ਪੰਜਾਬ, ਪਿੰਡ ਡਰੋਲੀ ਕਲਾਂ (ਆਦਮਪੁਰ), ਲੰਮੇ ਸਮੇਂ ਤੋਂ ਮਾਨਵਤਾ ਦੀ ਸੇਵਾ ਅਧੀਨ ਵੱਖ-ਵੱਖ ਲੋਕ ਭਲਾਈ ਕਾਰਜ ਕਰ ਰਹੀ ਹੈ। ਐਨ ਆਰ ਆਈ ਸੰਗਤ ਦੇ ਵੱਡੇ ਸਹਿਯੋਗ ਨਾਲ ਇਸ ਸੁਸਾਇਟੀ ਵੱਲੋਂ ਮਹੀਨਾਵਾਰ ਰਾਸ਼ਨ ਵੰਡ, ਬੱਚਿਆਂ ਦੇ ਵਿਦਿਅਕ ਖਰਚੇ, ਦਵਾਈਆਂ, ਖੂਨਦਾਨ ਕੈਂਪ ਅਤੇ ਗਰੀਬ ਪਰਿਵਾਰਾਂ ਲਈ ਨਵੀਂ ਉਸਾਰੀ ਦੇ ਮਕਾਨ ਬਣਾਉਣ ਵਰਗੀਆਂ ਮਹੱਤਵਪੂਰਣ ਸੇਵਾਵਾਂ ਨਿਰੰਤਰ ਕੀਤੀਆਂ ਜਾ ਰਹੀਆਂ ਹਨ।
ਲੋੜਵੰਦਾਂ ਦੀ ਹੋਰ ਮੱਦਦ ਲਈ ਜਲੰਧਰ ਜ਼ਿਲ੍ਹੇ ਦੀ ਪ੍ਰਸਿੱਧ ਐਨ ਜੀ ਓ ਪਹਿਲ ਅਤੇ ਅਪੋਲੋ ਟ੍ਰਾਈ ਨੇ ਸਾਂਝੇ ਤੌਰ ‘ਤੇ ਵੱਡਾ ਯੋਗਦਾਨ ਪਾਉਂਦਿਆਂ 30 ਬੈਗ ਰਾਸ਼ਨ ਦਸਵੰਧ ਵੈਲਫੇਅਰ ਸੁਸਾਇਟੀ ਨੂੰ ਭੇਟ ਕੀਤੇ।
ਮੁੱਖ ਸੇਵਾਦਾਰ ਭਾਈ ਸੁਖਜੀਤ ਸਿੰਘ ਮਿਨਹਾਸ ਨੇ ਇਸ ਮੱਦਦ ਨੂੰ ਸਤਿਕਾਰਯੋਗ ਕਰਾਰ ਦਿੰਦਿਆਂ ਕਿਹਾ ਕਿ ਇਹ ਰਾਸ਼ਨ ਉਹਨਾਂ ਘਰਾਂ ਤੱਕ ਜ਼ਰੂਰ ਪਹੁੰਚਾਇਆ ਜਾਵੇਗਾ, ਜਿੱਥੇ ਅੱਤ ਦੀ ਗਰੀਬੀ ਕਾਰਨ ਇੱਕ ਸਮੇਂ ਦਾ ਭੋਜਨ ਤਿਆਰ ਕਰਨਾ ਵੀ ਮੁਸ਼ਕਲ ਹੈ। ਉਨ੍ਹਾਂ ਨੇ ਕਿਹਾ ਕਿ ਮਹਿੰਗਾਈ ਦੇ ਇਸ ਦੌਰ ਵਿੱਚ ਲੋੜਵੰਦਾਂ ਦੀ ਸੇਵਾ ਕਰਨਾ ਹੀ ਸੁਸਾਇਟੀ ਦਾ ਮੁੱਖ ਮਕਸਦ ਹੈ।