
ਮੇਰਾ ਆਪਣਾ ਪੰਜਾਬ (ਅਮਿਤ ਸੱਭਰਵਾਲ,ਨੀਰਜ ਸਹੋਤਾ )ਆਦਮਪੁਰ: ਔਰਤਾਂ ਵਿੱਚ ਸਰਵਾਈਕਲ ਕੈਂਸਰ ਦੀ ਰੋਕਥਾਮ ਲਈ ਸਿਹਤ ਵਿਭਾਗ ਵੱਲੋਂ ਇੱਕ ਮਹੱਤਵਪੂਰਨ ਕਦਮ ਚੁੱਕਿਆ ਜਾ ਰਿਹਾ ਹੈ। ਹਿਊਮਨ ਪੈਪੀਲੋਮਾ ਵਾਇਰਸ (HPV) ਕਾਰਨ ਹੋਣ ਵਾਲੇ ਸਰਵਾਈਕਲ ਕੈਂਸਰ ਤੋਂ ਬਚਾਅ ਲਈ ਹੁਣ ਸਰਕਾਰੀ ਹਸਪਤਾਲਾਂ ਵਿੱਚ 14 ਤੋਂ 15 ਸਾਲ ਦੀ ਉਮਰ ਦੀਆਂ ਕੁੜੀਆਂ ਨੂੰ ਮੁਫ਼ਤ ਐਚਪੀਵੀ ਟੀਕਾ ਲਗਾਇਆ ਜਾਵੇਗਾ। ਇਸ ਸੰਬੰਧੀ ਤਿਆਰੀਆਂ ਤਹਿਤ ਸੋਮਵਾਰ ਨੂੰ ਸੀਐਚਸੀ ਆਦਮਪੁਰ ਵਿਖੇ ਸਿਹਤ ਸਟਾਫ ਲਈ ਦੋ ਵਿਸਤ੍ਰਿਤ ਸਿਖਲਾਈ ਸੈਸ਼ਨ ਆਯੋਜਿਤ ਕੀਤੇ ਗਏ।
ਇਹ ਸਿਖਲਾਈ ਸੈਸ਼ਨ ਸਿਵਲ ਸਰਜਨ ਡਾ. ਰਾਜੇਸ਼ ਗਰਗ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਕੁਲਦੀਪ ਸਿੰਘ ਦੀ ਦੇਖਰੇਖ ਹੇਠ ਕਰਵਾਏ ਗਏ। ਸੈਸ਼ਨਾਂ ਵਿੱਚ ਬਲਾਕ ਦੀਆਂ ਸਾਰੀਆਂ ਐਲਐਚਵੀ, ਏਐਨਐਮ ਅਤੇ ਸੀਐਚਓ ਨੇ ਭਾਗ ਲਿਆ। ਇਸ ਮੌਕੇ ਟੀਕਾਕਰਨ ਨੋਡਲ ਅਫਸਰ ਡਾ. ਮਨਮੋਹਨ ਕਪਿਲਾ, ਡਾ. ਰਿਤੂ ਬਾਲਾ ਅਤੇ ਬਲਾਕ ਐਕਸਟੈਨਸ਼ਨ ਐਜੂਕੇਟਰ ਚੰਦਨ ਮਿਸ਼ਰਾ ਵੀ ਮੌਜੂਦ ਰਹੇ।
ਸੀਨੀਅਰ ਮੈਡੀਕਲ ਅਫਸਰ ਡਾ. ਕੁਲਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਿਊਮਨ ਪੈਪੀਲੋਮਾ ਵਾਇਰਸ ਔਰਤਾਂ ਵਿੱਚ ਸਰਵਾਈਕਲ ਕੈਂਸਰ ਦਾ ਮੁੱਖ ਕਾਰਨ ਹੈ। ਇਹ ਬਿਮਾਰੀ ਸਤਨ ਕੈਂਸਰ ਤੋਂ ਬਾਅਦ ਦੁਨੀਆ ਭਰ ਵਿੱਚ ਔਰਤਾਂ ਵਿੱਚ ਹੋਣ ਵਾਲਾ ਦੂਜਾ ਸਭ ਤੋਂ ਆਮ ਕੈਂਸਰ ਹੈ। ਉਨ੍ਹਾਂ ਕਿਹਾ ਕਿ ਐਚਪੀਵੀ ਟੀਕਾ ਇਸ ਬਿਮਾਰੀ ਤੋਂ ਬਚਾਅ ਲਈ ਬਹੁਤ ਪ੍ਰਭਾਵਸ਼ਾਲੀ ਹੈ। ਹੁਣ ਤੱਕ ਇਹ ਟੀਕਾ ਮਹਿੰਗਾ ਹੋਣ ਕਰਕੇ ਨਿੱਜੀ ਹਸਪਤਾਲਾਂ ਤੱਕ ਸੀਮਿਤ ਸੀ, ਪਰ ਹੁਣ ਸਰਕਾਰ ਵੱਲੋਂ ਇਹ ਟੀਕਾ ਸਰਕਾਰੀ ਹਸਪਤਾਲਾਂ ਵਿੱਚ ਮੁਹੱਈਆ ਕਰਵਾਇਆ ਜਾਵੇਗਾ।
ਡਾ. ਕੁਲਦੀਪ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਐਚਪੀਵੀ ਟੀਕਾ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਕਈ ਵਿਕਸਤ ਦੇਸ਼ਾਂ ਵਿੱਚ ਇਹ ਨਿਯਮਤ ਟੀਕਾਕਰਨ ਪ੍ਰੋਗਰਾਮ ਦਾ ਹਿੱਸਾ ਹੈ। ਇਹ ਟੀਕਾ ਲਗਵਾਉਣ ਨਾਲ ਭਵਿੱਖ ਵਿੱਚ ਸਰਵਾਈਕਲ ਕੈਂਸਰ ਹੋਣ ਦਾ ਖ਼ਤਰਾ ਕਾਫ਼ੀ ਹੱਦ ਤੱਕ ਘੱਟ ਹੋ ਜਾਂਦਾ ਹੈ।
ਸਿਖਲਾਈ ਦੌਰਾਨ ਡਾ. ਰਿਤੂ ਬਾਲਾ ਨੇ ਸਿਹਤ ਕਰਮਚਾਰੀਆਂ ਨੂੰ ਟੀਕਾਕਰਨ ਪ੍ਰੋਗਰਾਮ ਦੀ ਕਾਰਗੁਜ਼ਾਰੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸਟਾਫ ਆਪਣੇ-ਆਪਣੇ ਖੇਤਰਾਂ ਵਿੱਚ 14 ਤੋਂ 15 ਸਾਲ ਦੀ ਉਮਰ ਦੀਆਂ ਕੁੜੀਆਂ ਦੀ ਸੂਚੀ ਤਿਆਰ ਕਰੇਗਾ, ਤਾਂ ਜੋ ਟੀਕਾਕਰਨ ਪ੍ਰਕਿਰਿਆ ਸੁਚੱਜੇ ਢੰਗ ਨਾਲ ਕੀਤੀ ਜਾ ਸਕੇ। ਨਾਲ ਹੀ ਉਨ੍ਹਾਂ ਨੇ ਸਟਾਫ ਨੂੰ ਅਪੀਲ ਕੀਤੀ ਕਿ ਕੁੜੀਆਂ ਦੇ ਪਰਿਵਾਰਾਂ ਨੂੰ ਐਚਪੀਵੀ ਟੀਕੇ ਦੇ ਫਾਇਦਿਆਂ ਬਾਰੇ ਜਾਗਰੂਕ ਕੀਤਾ ਜਾਵੇ, ਤਾਂ ਜੋ ਵੱਧ ਤੋਂ ਵੱਧ ਲਾਭਪਾਤਰੀ ਇਸ ਯੋਜਨਾ ਦਾ ਫਾਇਦਾ ਉਠਾ ਸਕਣ।
ਸਿਹਤ ਵਿਭਾਗ ਵੱਲੋਂ ਚਲਾਈ ਜਾ ਰਹੀ ਇਹ ਪਹਲ ਔਰਤਾਂ ਦੀ ਸਿਹਤ ਸੁਰੱਖਿਆ ਵੱਲ ਇੱਕ ਅਹਿਮ ਕਦਮ ਮੰਨੀ ਜਾ ਰਹੀ ਹੈ, ਜਿਸ ਨਾਲ ਭਵਿੱਖ ਵਿੱਚ ਸਰਵਾਈਕਲ ਕੈਂਸਰ ਦੇ ਮਾਮਲਿਆਂ ਵਿੱਚ ਵੱਡੀ ਕਮੀ ਆਉਣ ਦੀ ਉਮੀਦ ਹੈ।
