ਮੇਰਾ ਆਪਣਾ ਪੰਜਾਬ (ਜਲੰਧਰ): ਪੰਜਾਬ ਵਿੱਚ ਉਸ ਸਮੇਂ ਸਿਆਸੀ ਮਾਹੌਲ ਗਰਮ ਹੋ ਗਿਆ, ਜਦੋਂ ਭਾਰਤ ਦੀ ਸੁਪਰੀਮ ਕੋਰਟ ਨੇ ਪੰਜਾਬ ਕੇਸਰੀ ਗਰੁੱਪ ਦੇ ਹੱਕ ਵਿੱਚ ਅਹਿਮ ਫੈਸਲਾ ਸੁਣਾਇਆ। ਇਸ ਫੈਸਲੇ ਨੂੰ ਮੀਡੀਆ ਦੀ ਆਜ਼ਾਦੀ ਦੀ ਵੱਡੀ ਜਿੱਤ ਦੱਸਿਆ ਜਾ ਰਿਹਾ ਹੈ, ਜਿਸ ਨੇ ਇਹ ਸਾਫ ਕਰ ਦਿੱਤਾ ਹੈ ਕਿ ਸੱਤਾ ਦੇ ਦਬਾਅ ਹੇਠ ਸੱਚ ਨੂੰ ਦਬਾਇਆ ਨਹੀਂ ਜਾ ਸਕਦਾ।
ਪੰਜਾਬ ਕੇਸਰੀ ਦੇ ਸਮਰਥਨ ਵਿੱਚ ਸਾਹਮਣੇ ਆਏ ਪ੍ਰਿੰਟ ਅਤੇ ਡਿਜੀਟਲ ਮੀਡੀਆ ਐਸੋਸੀਏਸ਼ਨ (PDMA) ਦੇ ਜਨਰਲ ਸਕੱਤਰ ਅਤੇ ਸੀਨੀਅਰ ਪੱਤਰਕਾਰ ਯੋਗੇਸ਼ ਕਤਿਆਲ, ਪ੍ਰਧਾਨ ਵਿਸ਼ਾਲ ਕੁੰਦਰਾ ਅਤੇ ਸੀਨੀਅਰ ਪੱਤਰਕਾਰ ਰੋਹਿਤ ਅਰੋੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਮੀਡੀਆ ਵਿਰੋਧੀ ਚਿਹਰਾ ਹੁਣ ਪੂਰੀ ਤਰ੍ਹਾਂ ਉਜਾਗਰ ਹੋ ਚੁੱਕਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸੱਤਾ ਵਿੱਚ ਆਉਣ ਤੋਂ ਬਾਅਦ ਹੀ ‘ਆਪ’ ਸਰਕਾਰ ਨੇ ਉਨ੍ਹਾਂ ਪੱਤਰਕਾਰਾਂ ਅਤੇ ਮੀਡੀਆ ਅਦਾਰਿਆਂ ਨੂੰ ਨਿਸ਼ਾਨਾ ਬਣਾਇਆ, ਜੋ ਲੋਕ ਹਿੱਤ ਵਿੱਚ ਸਵਾਲ ਉਠਾਉਂਦੇ ਰਹੇ।
ਉਨ੍ਹਾਂ ਕਿਹਾ ਕਿ ਪੰਜਾਬ ਕੇਸਰੀ ਗਰੁੱਪ ਨੇ ਹਮੇਸ਼ਾ ਨਿਰਪੱਖ ਅਤੇ ਨਿਡਰ ਪੱਤਰਕਾਰੀ ਦੀ ਮਿਸਾਲ ਪੇਸ਼ ਕੀਤੀ ਹੈ। ਜਦੋਂ-ਜਦੋਂ ਪੰਜਾਬ ਕੇਸਰੀ ਨੇ ਸਰਕਾਰ ਤੋਂ ਜਵਾਬਦੇਹੀ ਮੰਗੀ, ਉਦੋਂ-ਉਦੋਂ ਦਬਾਅ, ਜਾਂਚ ਅਤੇ ਕਾਰਵਾਈ ਰਾਹੀਂ ਉਸ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ। ਪਰ ਦੇਸ਼ ਦੀ ਸਰਵਉੱਚ ਅਦਾਲਤ ਦੇ ਫੈਸਲੇ ਨੇ ਇਹ ਸਾਬਤ ਕਰ ਦਿੱਤਾ ਕਿ ਲੋਕਤੰਤਰ ਵਿੱਚ ਸੱਚੀ ਪੱਤਰਕਾਰੀ ਨੂੰ ਕੁਚਲਿਆ ਨਹੀਂ ਜਾ ਸਕਦਾ।
ਸੀਨੀਅਰ ਪੱਤਰਕਾਰਾਂ ਨੇ ਕਿਹਾ ਕਿ ਸੁਪਰੀਮ ਕੋਰਟ ਦਾ ਇਹ ਹੁਕਮ ਸਿਰਫ਼ ਪੰਜਾਬ ਕੇਸਰੀ ਦੀ ਜਿੱਤ ਨਹੀਂ ਹੈ, ਸਗੋਂ ਦੇਸ਼ ਦੇ ਹਰ ਇਮਾਨਦਾਰ ਪੱਤਰਕਾਰ ਅਤੇ ਮੀਡੀਆ ਅਦਾਰੇ ਦੀ ਜਿੱਤ ਹੈ। ਇਹ ਫੈਸਲਾ ਸਾਫ ਸੰਦੇਸ਼ ਦਿੰਦਾ ਹੈ ਕਿ ਮੀਡੀਆ ਲੋਕਤੰਤਰ ਦਾ ਚੌਥਾ ਥੰਮ੍ਹ ਹੈ ਅਤੇ ਉਸ ਨਾਲ ਬੇਇਨਸਾਫ਼ੀ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਉਨ੍ਹਾਂ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਨੇ ਜਿਸ ਤਰ੍ਹਾਂ ਪੰਜਾਬ ਕੇਸਰੀ ਨਾਲ ਵਿਵਹਾਰ ਕੀਤਾ, ਉਸ ਦਾ ਅਸਰ ਆਉਣ ਵਾਲੀਆਂ ਚੋਣਾਂ ਵਿੱਚ ਦੇਖਣ ਨੂੰ ਮਿਲੇਗਾ। ਜਨਤਾ ਹੁਣ ਸੱਚਾਈ ਅਤੇ ਦਿਖਾਵੇ ਦੇ ਫਰਕ ਨੂੰ ਸਮਝਣ ਲੱਗੀ ਹੈ।
ਇਸ ਮੌਕੇ ਯੋਗੇਸ਼ ਕਤਿਆਲ, ਪ੍ਰਧਾਨ ਵਿਸ਼ਾਲ ਕੁੰਦਰਾ, ਰੋਹਿਤ ਅਰੋੜਾ, ਸੁਨੀਲ ਵਰਮਾ, ਯੋਗਰਾਜ ਜਲੋਟਾ, ਵੈਭਵ ਅਰੋੜਾ, ਰਾਹੁਲ ਸ਼ਰਮਾ, ਗੌਰਵ, ਸੰਨੀ ਪੱਟੀ, ਤਰੁਣ ਸ਼ਰਮਾ, ਸੰਜੀਵ ਵਰਮਾ ਅਤੇ ਦੀਪਕ ਸਮੇਤ ਅਨੇਕ ਪੱਤਰਕਾਰ ਅਤੇ ਮੀਡੀਆ ਪ੍ਰਤੀਨਿਧੀ ਮੌਜੂਦ ਸਨ। ਸਾਰਿਆਂ ਨੇ ਇਕਜੁੱਟ ਹੋ ਕੇ ਕਿਹਾ ਕਿ ਉਹ ਹਰ ਹਾਲਤ ਵਿੱਚ ਪੰਜਾਬ ਕੇਸਰੀ ਅਤੇ ਸੁਤੰਤਰ ਪੱਤਰਕਾਰੀ ਨਾਲ ਖੜ੍ਹੇ ਰਹਿਣਗੇ।