

ਮੇਰਾ ਆਪਣਾ ਪੰਜਾਬ, ਜਲੰਧਰ (8 ਮਾਰਚ): ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਸ਼ੁਰੂ ਕੀਤੀ ਗਈ ‘ਯੁੱਧ ਨਸ਼ਿਆਂ ਵਿਰੁੱਧ’ ਪਹਿਲਕਦਮੀ ਨੂੰ ਅੱਜ ਉਸ ਵੇਲੇ ਵੱਡਾ ਬਲ ਮਿਲਿਆ, ਜਦੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਵਿਸ਼ੇਸ਼ ਮੌਕੇ ’ਤੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸੀ.ਟੀ. ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਸਾਂਝੇ ਯਤਨਾਂ ਸਦਕਾ ‘ਦੌੜਦਾ ਪੰਜਾਬ-2′ ਅਤੇ 17ਵੀਂ ਸੀ.ਟੀ. ਹਾਫ਼ ਮੈਰਾਥਨ ਕਰਵਾਈ ਗਈ। ਇਸ ਵਿਸ਼ਾਲ ਮੈਰਾਥਨ ਵਿੱਚ 7 ਹਜ਼ਾਰ ਤੋਂ ਵੱਧ ਭਾਗੀਦਾਰਾਂ ਨੇ ਪੂਰੇ ਜੋਸ਼ ਨਾਲ ਸ਼ਿਰਕਤ ਕਰਦੇ ਹੋਏ ਸਮਾਜ ਨੂੰ ਨਸ਼ਿਆਂ ਖਿਲਾਫ਼ ਇਕਜੁੱਟ ਹੋਣ ਦਾ ਜ਼ੋਰਦਾਰ ਸੱਦਾ ਦਿੱਤਾ।
ਇਸ ਹਾਫ਼ ਮੈਰਾਥਨ ਨੂੰ ਸੀ.ਟੀ. ਇੰਸਟੀਚਿਊਟ, ਸ਼ਾਹਪੁਰ ਤੋਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਮੇਅਰ ਸ਼੍ਰੀ ਵਿਨੀਤ ਧੀਰ, ਨਸ਼ਾ ਮੁਕਤੀ ਮੋਰਚਾ ਦੇ ਦੋਆਬਾ ਕੋਆਰਡੀਨੇਟਰ ਸ਼੍ਰੀ ਨਯਨ ਛਾਬੜਾ, ਆਮ ਆਦਮੀ ਪਾਰਟੀ ਦੀ ਆਗੂ ਮੈਡਮ ਰਾਜਵਿੰਦਰ ਕੌਰ ਥਿਆੜਾ, ਸੀ.ਟੀ. ਗਰੁੱਪ ਦੇ ਚੇਅਰਮੈਨ ਸ਼੍ਰੀ ਚਰਨਜੀਤ ਸਿੰਘ ਚੰਨੀ, ਮੈਨੇਜਿੰਗ ਡਾਇਰੈਕਟਰ ਸ਼੍ਰੀ ਮਨਬੀਰ ਸਿੰਘ, ਵਾਈਸ ਚੇਅਰਮੈਨ ਸ਼੍ਰੀ ਹਰਪ੍ਰੀਤ ਸਿੰਘ ਸਮੇਤ ਸ਼ਹਿਰ ਦੀਆਂ ਹੋਰ ਕਈ ਉੱਘੀਆਂ ਸ਼ਖਸੀਅਤਾਂ ਮੌਜੂਦ ਸਨ।

‘ਨਸ਼ਾ ਮੁਕਤ-ਰੰਗਲਾ ਪੰਜਾਬ’ ਦਾ ਦਿੱਤਾ ਗਿਆ ਸੁਨੇਹਾ ਮੈਰਾਥਨ ਦੌਰਾਨ ਦੌੜਾਕਾਂ ਅਤੇ ਭਾਗੀਦਾਰਾਂ ਨੇ ‘ਨਸ਼ਾ ਮੁਕਤ-ਰੰਗਲਾ ਪੰਜਾਬ’ ਦਾ ਸੁਨੇਹਾ ਦਿੰਦਿਆਂ ਆਮ ਲੋਕਾਂ, ਖਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੇ ਕੋਹੜ ਤੋਂ ਦੂਰ ਰਹਿਣ ਅਤੇ ਇੱਕ ਤੰਦਰੁਸਤ ਜੀਵਨਸ਼ੈਲੀ ਅਪਣਾਉਣ ਲਈ ਪ੍ਰੇਰਿਤ ਕੀਤਾ। ਵੱਖ-ਵੱਖ ਮੈਰਾਥਨ ਕੈਟਾਗਰੀਆਂ ਵਿੱਚ ਜੇਤੂ ਰਹਿਣ ਵਾਲੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਲਈ ਉਨ੍ਹਾਂ ਨੂੰ ਨਕਦ ਇਨਾਮਾਂ ਅਤੇ ਟਰਾਫੀਆਂ ਨਾਲ ਸਨਮਾਨਿਤ ਕੀਤਾ ਗਿਆ।
ਮਹਿਲਾਵਾਂ ਅਤੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦਾ ਹੋਇਆ ਸਨਮਾਨ ਕਿਉਂਕਿ ਇਹ ਸਮਾਗਮ ਅੰਤਰਰਾਸ਼ਟਰੀ ਮਹਿਲਾ ਦਿਵਸ ਵਾਲੇ ਦਿਨ ਕਰਵਾਇਆ ਗਿਆ ਸੀ, ਇਸ ਲਈ ਇਸ ਮੌਕੇ ਵੱਖ-ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਅਤੇ ਨਾਮਣਾ ਖੱਟਣ ਵਾਲੀਆਂ ਮਹਿਲਾਵਾਂ ਦਾ ਉਚੇਚੇ ਤੌਰ ‘ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਤੋਂ ਇਲਾਵਾ ਸਮਾਗਮ ਵਿੱਚ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ (Special Needs Students) ਲਈ ਕਰਵਾਈ ਗਈ ਵਿਸ਼ੇਸ਼ ਦੌੜ ਵੀ ਖਿੱਚ ਦਾ ਕੇਂਦਰ ਰਹੀ।