ਮੇਰਾ ਆਪਣਾ ਪੰਜਾਬ , ਜਲੰਧਰ (ਬਿਊਰੋ): ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ, ਜਨਰਲ ਸਕੱਤਰ ਗੁਰਮੀਤ ਸਿੰਘ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ 27 ਮਾਰਚ 2026 ਨੂੰ ਦਿਨੇ 11:00 ਵਜੇ ਦੇਸ਼ ਭਗਤ ਯਾਦਗਾਰ ਹਾਲ ਵਿਖੇ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਹੋ ਰਹੇ ਵਿਸ਼ਵ ਰੰਗ ਮੰਚ ਦਿਹਾੜਾ ਸਮਾਗਮ ਦੀਆਂ ਤਿਆਰੀਆਂ ਨੂੰ ਅੱਜ ਅੰਤਿਮ ਛੋਹਾਂ ਦਿੱਤੀਆਂ ਗਈਆਂ।ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਇਹ ਸਮਾਗਮ ਪ੍ਰਗਤੀਸ਼ੀਲ ਲੇਖਕ ਸੰਘ ਇਕਾਈ ਜਲੰਧਰ,ਮਾਨਵ ਵਾਦੀ ਰਚਨਾ ਮੰਚ ਪੰਜਾਬ, ਸਾਹਿਤਕ ਸਭਿਆਚਾਰਕ ਸੰਸਥਾ (ਫੁਲਕਾਰੀ), ਪੀਪਲਜ਼ ਵਾਇਸ, ਪੰਜਾਬ ਲੋਕ ਸੱਭਿਆਚਾਰਕ ਮੰਚ (ਪਲਸ ਮੰਚ), ਸਾਹਿਤ ਕਲਾ ਕੇਂਦਰ ਜਲੰਧਰ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। ਇਸ ਮੌਕੇ ਕਮੇਟੀ ਦੇ ਸੀਨੀਅਰ ਟਰੱਸਟੀ ਪ੍ਰੋ. ਵਰਿਆਮ ਸਿੰਘ ਸੰਧੂ ‘ਜ਼ਿੰਦਗੀ ਰੰਗ ਮੰਚ ਹੈ’ ਵਿਚਾਰ ਸਾਂਝੇ ਕਰਦਿਆਂ ਇਤਿਹਾਸ ਨਵ ਸਮਾਜ ਅਤੇ ਜ਼ਿੰਦਗੀ ਦਾ ਸੰਗੀ ਸਾਥੀ ਰੰਗ ਮੰਚ ਵਿਸੇ ਤੇ ਵਿਚਾਰ ਚਰਚਾ ਕਰਨਗੇ। ਇਸ ਉਪਰੰਤ ਨਵਚਿੰਤਨ ਕਲਾ ਮੰਚ ਬਿਆਸ ਵੱਲੋਂ ਗੁਰਸ਼ਰਨ ਸਿੰਘ ਦਾ ਲਿਖਿਆ ਨਾਟਕ ‘ਸੀਸ ਤਲੀ ਤੇ’ ਨਿਰਦੇਸ਼ਕ ਕਰਾਂਤੀਪਾਲ ਅਤੇ ਸਹਿਯੋਗੀ ਪ੍ਰਿਤਪਾਲ ਦੀ ਨਿਰਦੇਸ਼ਨਾ ‘ਚ ਅਤੇ ਨੀਰਜ ਕੌਸ਼ਿਕ ਦੀ ਨਿਰੇਦਸ਼ਨਾ ‘ਚ ਲਘੂ-ਨਾਟਕ ‘ਮੋਇਆਂ ਦੇ ਖ਼ਤ’ ਅਦਾਕਾਰ ਆਰੂਸ਼ੀ ਤੇ ਐਸ.ਪੀ.ਸਿੰਘ ਵੱਲੋਂ ਖੇਡਿਆ ਜਾਏਗਾ। ਇੰਦਰਜੀਤ ਆਰਟਿਸਟ ਜਲੰਧਰ ਅਤੇ ਸਾਥੀਆਂ ਵੱਲੋਂ ਫੋਟੋ ਪ੍ਰਦਰਸ਼ਨੀ ਲਗਾਈ ਜਾਏਗੀ। ਦੇਸ਼ ਭਗਤ ਯਾਦਗਾਰ ਕਮੇਟੀ ਨੇ ਸਮੂਹ ਲੋਕ-ਪੱਖੀ ਸੰਸਥਾਵਾਂ, ਵਿਦਵਾਨਾਂ, ਲੇਖਕਾਂ ਅਤੇ ਰੰਗਕਰਮੀਆਂ ਨੂੰ ਪਰਿਵਾਰਾਂ ਸਮੇਤ ਸ਼ਾਮਲ ਹੋਣ ਦੀ ਜ਼ੋਰਦਾਰ ਅਪੀਲ ਕੀਤੀ ਹੈ।