ਮੇਰਾ ਆਪਣਾ ਪੰਜਾਬ-ਜਲੰਧਰ-(23 ਜੂਨ)-(ਨਵਜੋਤ ਮੱਟੂ): ‘ਫਾਸ਼ੀ ਹਮਲਿਆਂ ਵਿਰੋਧੀ ਫਰੰਟ’ ’ਚ ਸ਼ਾਮਲ ਪਾਰਟੀਆਂ ਵਲੋਂ ਆਰ.ਐਸ.ਐਸ.-ਭਾਜਪਾ ਦੀਆਂ ਫਿਰਕੂ-ਫਾਸ਼ੀਵਾਦੀ ਕੁਚਾਲਾਂ, ਸੰਘ ਪਰਿਵਾਰ ਦੇ ਖਰੂਦੀ ਟੋਲਿਆਂ ਵਲੋਂ ਕੀਤੇ ਜਾ ਰਹੇ ਘੱਟ ਗਿਣਤੀ ਵਸੋਂ ਦੇ ਘਾਣ ਅਤੇ ਕੇਂਦਰ ਦੀ ਮੋਦੀ ਸਰਕਾਰ ਵਲੋਂ ਲੋਕਾਂ ਦੀ ਰੋਜ਼ੀ-ਰੋਟੀ ’ਤੇ ਕੀਤੇ ਜਾ ਰਹੇ ਘਾਤਕ ਹੱਲਿਆਂ ਵਿਰੁੱਧ ਅੱਜ ਪੰਜਾਬ ਦੇ ਸਾਰੇ ਜ਼ਿਲ੍ਹਾ ਕੇਂਦਰਾਂ ’ਤੇ ਜ਼ੋਰਦਾਰ ਰੈਲੀਆਂ ਤੇ ਜ਼ੋਸ਼ੀਲੇ ਰੋਸ ਮੁਜ਼ਾਹਰੇ ਕੀਤੇ ਗਏ। ਉਕਤ ਰੈਲੀ-ਮੁਜ਼ਾਹਰਿਆਂ ਦੌਰਾਨ ਸੰਘ-ਭਾਜਪਾ ਦੀਆਂ ਪੰਜਾਬ ਵਿਰੋਧੀ ਸਾਜ਼ਿਸ਼ਾਂ ਦਾ ਵਿਰੋਧ ਕਰਦਿਆਂ ਪੰਜਾਬ ਦੇ ਚਿਰਾਂ ਤੋਂ ਲਮਕਦੇ ਆ ਰਹੇ ਮਸਲਿਆਂ ਦਾ ਨਿਆਂ ਪੂਰਨ ਹੱਲ ਲੱਭੇ ਜਾਣ ਲਈ ਜ਼ੋਰਦਾਰ ਆਵਾਜ਼ ਬੁਲੰਦ ਕੀਤੀ ਗਈ। ਇਹ ਵੀ ਮੰਗ ਕੀਤੀ ਗਈ ਕਿ ਸਿੱਖ ਬੰਦੀਆਂ ਸਮੇਤ ਸਜ਼ਾਵਾਂ ਪੂਰੀਆਂ ਕਰ ਚੁੱਕੇ ਤੇ ਬਿਨਾਂ ਮੁਕੱਦਮਾ ਚਲਾਏ ਜੇਲ੍ਹਾਂ ’ਚ ਬੰਦ ਕੀਤੇ ਸਾਰੇ ਸਿਆਸੀ ਆਗੂ, ਮਨੁੱਖੀ ਅਧਿਕਾਰ ਕਾਰਕੁੰਨ, ਬੁੱਧੀਜੀਵੀ ਤੇ ਆਮ ਨਾਗਰਿਕ ਤੁਰੰਤ ਰਿਹਾ ਕੀਤੇ ਜਾਣ। ਇਕੱਠਾਂ ’ਚ ਸ਼ਾਮਲ ਕਾਰਕੁੰਨਾਂ ਦੇ ਹੱਥਾਂ ’ਚ ਲੋਕ ਮਸਲਿਆਂ ਨੂੰ ਉਭਾਰਦੀਆਂ ਤਖ਼ਤੀਆਂ ਅਤੇ ਲਾਲ ਝੰਡੇ ਫੜ੍ਹੇ ਹੋਏ ਸਨ। ਤਖ਼ਤੀਆਂ ਸਿਆਸੀ ਹਿੱਤਾਂ ਤੇ ਫਿਰਕੂ ਏਜੰਡੇ ਦੀ ਪੂਰਤੀ ਲਈ ਨਿਆਂਪਾਲਿਕਾ, ਚੋਣ ਕਮਿਸ਼ਨ, ਈ.ਡੀ., ਸੀ.ਬੀ.ਆਈ. ਤੇ ਇਨਕਮ ਟੈਕਸ ਵਿਭਾਗ ਦੀ ਕੀਤੀ ਜਾ ਰਹੀ ਦੁਰਵਰਤੋਂ ਵੱਲ ਲੋਕਾਂ ਦਾ ਧਿਆਨ ਕੇਂਦਰਿਤ ਕਰ ਰਹੀਆਂ ਸਨ। ਮੁਜ਼ਾਹਰਾਕਾਰੀ, ਦੇਸ਼ ਦਾ ਸੰਵਿਧਾਨ ਬਦਲੇ ਬਗੈਰ ਹੀ ਮੋਦੀ ਸਰਕਾਰ ਵਲੋਂ ਕੀਤੀਆਂ ਜਾ ਰਹੀਆਂ ਸੰਵਿਧਾਨ ਵਿਰੋਧੀ ਕਾਰਵਾਈਆਂ ਖ਼ਿਲਾਫ ਜਬਰਦਸਤ ਨਾਅਰੇਬਾਜੀ ਕਰ ਰਹੇ ਸਨ।
ਵੱਖੋ-ਵੱਖ ਜ਼ਿਲਿਆਂ ’ਚ ਇਨ੍ਹਾਂ ਇਕੱਠਾਂ ਨੂੰ ਸੀ.ਪੀ.ਆਈ. ਦੇ ਸੂਬਾ ਸਕੱਤਰ ਸਾਥੀ ਨਿਰਮਲ ਸਿੰਘ ਧਾਲੀਵਾਲ, ਆਰ.ਐਮ.ਪੀ.ਆਈ. ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ, ਸੀ.ਪੀ.ਆਈ. (ਐਮ.ਐਲ.) ਲਿਬਰੇਸ਼ਨ ਦੇ ਸੂਬਾ ਸਕੱਤਰ ਸਾਥੀ ਗੁਰਮੀਤ ਸਿੰਘ ਬਖ਼ਤਪੁਰ, ਸੀ.ਪੀ.ਆਈ. (ਐਮ.ਐਲ.) ਨਿਊ ਡੈਮੋਕਰੇਸੀ ਦੇ ਸੂਬਾਈ ਆਗੂ ਸਾਥੀ ਦਰਸ਼ਨ ਸਿੰਘ ਖਟਕੜ, ਐਮ.ਸੀ.ਪੀ.ਆਈ.(ਯੂ.) ਦੀ ਪੋਲਿਟ ਬਿਊਰੋ ਦੇ ਮੈਂਬਰ ਸਾਥੀ ਕਿਰਨਜੀਤ ਸਿੰਘ ਸੇਖੋਂ ਨੇ ਸੰਬੋਧਨ ਕੀਤਾ। ਇਹ ਜਾਣਕਾਰੀ ਅੱਜ ਇੱਥੋਂ ਜਾਰੀ ਇਕ ਸਾਂਝੇ ਬਿਆਨ ਰਾਹੀਂ ਉਕਤ ਪਾਰਟੀਆਂ ਦੇ ਸੂਬਾਈ ਆਗੂਆਂ ਪ੍ਰਿਥੀਪਾਲ ਸਿੰਘ ਮਾੜੀਮੇਘਾ, ਪਰਗਟ ਸਿੰਘ ਜਾਮਾਰਾਏ, ਸੁਖਦਰਸ਼ਨ ਨੱਤ, ਅਜਮੇਰ ਸਿੰਘ ਸਮਰਾ ਤੇ ਕੁਲਦੀਪ ਸਿੰਘ ਕਿਲਾ ਰਾਏਪੁਰ ਨੇ ਦਿੱਤੀ ਹੈ।
ਬੁਲਾਰਿਆਂ ਨੇ ਅਮਰੀਕਾ-ਈਰਾਨ ਦਰਮਿਆਨ ਹੋਈ ਜੰਗਬੰਦੀ ਦਾ ਸਵਾਗਤ ਕਰਦਿਆਂ ਚਿਤਾਵਨੀ ਦਿੱਤੀ ਹੈ ਕਿ ਸੰਕਟ ਦਾ ਭੰਨਿਆ ਸਾਮਰਾਜ ਜੰਗਾਂ ਲਾਉਣ ਤੋਂ ਬਾਜ ਨਹੀਂ ਆ ਸਕਦਾ। ਉਨ੍ਹਾਂ ਕਿਹਾ ਕਿ ਅਮਰੀਕਾ-ਇਜ਼ਰਾਈਲ ਦੀ ਪਿੱਠੂ ਮੋਦੀ ਸਰਕਾਰ ਦੀ ਗੋਡੇ ਟੇਕੂ ਵਿਦੇਸ਼ ਨੀਤੀ ਤੇ ਡਿਪਲੋਮੈਸੀ ਨਾਲ ਸੰਸਾਰ ਦੀਆਂ ਨਜ਼ਰਾਂ ’ਚ ਭਾਰਤ ਦੇ ਵਕਾਰ ਨੂੰ ਭਾਰੀ ਸੱਟ ਲੱਗੀ ਹੈ। ਦੇਸ਼ ਅੰਦਰ ਲੋਕ ਵਿਰੋਧੀ, ਜਮਹੂਰੀਅਤ ਵਿਰੋਧੀ, ਕਾਰਪੋਰੇਟ ਪ੍ਰਸਤ ਨੀਤੀਆਂ ਲਾਗੂ ਕਰ ਰਹੀ ਮੋਦੀ ਸਰਕਾਰ ਵਲੋਂ ਅਮਰੀਕਾ ਨਾਲ ਕੀਤੇ ਵਪਾਰ ਸਮਝੌਤੇ ਸਾਡੀ ਖੇਤੀ ਤੇ ਪ੍ਰਚੂਨ ਵਪਾਰ ਨੂੰ ਤਬਾਹ ਕਰ ਦੇਣਗੇ। ਦੂਜੇ ਪਾਸੇ ਪੰਜਾਬ ਦੀ ਮਾਨ ਸਰਕਾਰ ਪੰਜਾਬ-ਪੰਜਾਬੀਆਂ ਦੇ ਹਿੱਤਾਂ ਦੀ ਰਾਖੀ ਕਰਨ ਦੀ ਥਾਂ ਮੋਦੀ ਸਰਕਾਰ ਦੇ ਪਦ ਚਿੰਨ੍ਹਾਂ ’ਤੇ ਚੱਲਦਿਆਂ ਹੱਕੀ ਘੋਲਾਂ ’ਤੇ ਜ਼ੁਲਮ ਢਾਹ ਰਹੀ ਹੈ। ਬੁਲਾਰਿਆਂ ਨੇ ਭੋਪਾਲ ਦੀ ਯੂਨੀਵਰਸਿਟੀ ਦਾ ਪੁਰਾਣਾ ਨਾਂ ਬਹਾਲ ਰੱਖਣ ਦੀ ਜ਼ੋਰਦਾਰ ਮੰਗ ਰੱਖੀ।
ਬੁਲਾਰਿਆਂ ਨੇ ਅੱਗੇ ਕਿਹਾ ਕਿ ਡੂੰਘੇ ਆਰਥਿਕ ਸੰਕਟ ’ਚ ਫਸਿਆ ਦੇਸ਼-ਦੁਨੀਆ ਦਾ ਪੂੰਜੀਵਾਦੀ ਨਿਜ਼ਾਮ ਜੰਗਾਂ ਛੇੜਣ ਰਾਹੀਂ ਬੇਕਸੂਰ ਲੋਕਾਂ ਦਾ ਘਾਣ ਕਰਕੇ ਮੰਦਵਾੜੇ ’ਚੋਂ ਨਿਕਲਣਾ ਚਾਹੁੰਦਾ ਹੈ। ਇਸੇ ਲਈ ਟਰੰਪ ਬਿਨਾਂ ਕਿਸੇ ਤਰਕ-ਦਲੀਲ ਦੇ ਦੂਜੇ ਦੇਸ਼ਾਂ ਦੇ ਕੁਦਰਤੀ ਸੋਮਿਆਂ ’ਤੇ ਕਬਜ਼ਾ ਕਰਨ ਲਈ ਫੌਜੀ ਹਮਲਿਆਂ ਤੇ ਆਰਥਿਕ ਨਾਕਾਬੰਦੀਆਂ ਦਾ ਸਹਾਰਾ ਲੈ ਰਿਹਾ ਹੈ। ਨਿਆਂਪਸੰਦ ਪੰਜਾਬੀ ਮਾਨਵਤਾ ਦੇ ਕਤਲੇਆਮ ਦੇ ਸਖ਼ਤ ਵਿਰੋਧੀ ਹਨ। ਬੁਲਾਰਿਆਂ ਨੇ ਪੇਪਰ ਲੀਕ ਖ਼ਿਲਾਫ ਜਾਰੀ ਘੋਲ ਤੇ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਦਾ ਸਮਰਥਨ ਕੀਤਾ। ਉਨ੍ਹਾਂ ਪੰਜਾਬ ਦੇ ਦਰਿਆਈ ਪਾਣੀਆਂ ਦੀ ਰਿਪੇਰੀਅਨ ਸਿਧਾਂਤ ਅਨੁਸਾਰ ਵੰਡ ਕਰਨ, ਪੰਜਾਬੀ ਬੋਲੀ ਨੂੰ ਪੰਜਾਬ ਤੇ ਦੇਸ਼ ’ਚ ਬਣਦਾ ਸਥਾਨ ਦੇਣ, ਪੰਜਾਬੀ ਬੋਲਦੇ ਇਲਾਕੇ ਪੰਜਾਬ ’ਚ ਸ਼ਾਮਲ ਕਰਨ, ਰਾਜਧਾਨੀ ਚੰਡੀਗੜ੍ਹ ਤੇ ਡੈਮਾਂ ਦਾ ਪ੍ਰਬੰਧ ਪੰਜਾਬ ਦੇ ਹਵਾਲੇ ਕਰਨ, ਕੰਮ ਦਿਹਾੜੀ ਸਖ਼ਤੀ ਨਾਲ 8 ਘੰਟੇ ਲਾਗੂ ਕਰਨ, ਕਿਰਤ ਕੋਡ ਰੱਦ ਕਰਨ ਤੇ ਕਿਰਤ ਕਾਨੂੰਨ ਬਹਾਲ ਕਰਨ, ਮਨਰੇਗਾ ਐਕਟ ਬਹਾਲ ਕਰਨ, ਘੱਟੋ-ਘੱਟ ਉਜਰਤ 26000/ ਰੁਪਏ ਪ੍ਰਤੀ ਮਹੀਨਾ ਕੀਤੇ ਜਾਣ, ਸਾਰੀਆਂ ਖੇਤੀ ਜਿਣਸਾਂ ਦੀ ਐਮਐਸਪੀ ਤੇ ਗਾਰੰਟੀ ਸ਼ੁਦਾ ਖਰੀਦ ਕਰਨ ਆਦਿ ਮੰਗਾਂ ਵੀ ਉਭਾਰੀਆਂ।
ਰੈਲੀ-ਪ੍ਰਦਰਸ਼ਨਾਂ ਨੂੰ ਵੱਖੋ-ਵੱਖ ਜ਼ਿਲ੍ਹਿਆਂ ’ਚ ਸਾਬਕਾ ਵਿਧਾਇਕ ਹਰਦੇਵ ਅਰਸ਼ੀ, ਰਤਨ ਸਿੰਘ ਰੰਧਾਵਾ, ਰਾਜਵਿੰਦਰ ਸਿੰਘ ਰਾਣਾ, ਕੁਲਵਿੰਦਰ ਸਿੰਘ ਵੜੈਚ, ਮੰਗਤ ਰਾਮ ਲੌਂਗੋਵਾਲ, ਬੰਤ ਬਰਾੜ, ਨੱਥਾ ਸਿੰਘ ਢੱਡਵਾਲ, ਗੋਬਿੰਦ ਸਿੰਘ ਛਾਜਲੀ, ਨਿਰਭੈ ਸਿੰਘ ਢੁੱਡੀਕੇ, ਪ੍ਰੇਮ ਸਿੰਘ ਭੰਗੂ, ਕਾਮਰੇਡ ਜਗਰੂਪ, ਸਤੀਸ਼ ਰਾਣਾ, ਗੁਲਜ਼ਾਰ ਸਿੰਘ ਭੁੰਬਲੀ, ਰਮਿੰਦਰ ਸਿੰਘ ਪਟਿਆਲਾ, ਕੁਲਦੀਪ ਸਿੰਘ ਭੋਲਾ, ਸਤਨਾਮ ਸਿੰਘ ਅਜਨਾਲਾ, ਰੁਲਦੂ ਸਿੰਘ ਮਾਨਸਾ, ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਸ਼ਿਵ ਕੁਮਾਰ ਪਠਾਨਕੋਟ, ਮੋਹਨ ਸਿੰਘ ਧਮਾਣਾ, ਰਘਬੀਰ ਸਿੰਘ ਬੈਨੀਪਾਲ, ਸੱਜਣ ਸਿੰਘ ਬੈਂਸ, ਦਰਸ਼ਨ ਨਾਹਰ, ਸਰਬਜੀਤ ਗਿੱਲ ਨੇ ਸੰਬੋਧਨ ਕੀਤਾ।