ਮੇਰਾ ਆਪਣਾ ਪੰਜਾਬ (ਜਲੰਧਰ), 4 ਅਕਤੂਬਰ-(ਨਵਜੋਤ ਮੱਟੂ): ਦੁਆਬੇ ਦੇ ਇਤਿਹਾਸ ਵਿੱਚ ਇਸ ਵਾਰ ਭਗਵਾਨ ਵਾਲਮੀਕਿ ਮਹਾਰਾਜ ਜੀ ਦਾ ਪ੍ਰਗਟ ਦਿਵਸ ਬਹੁਤ ਹੀ ਸ਼ਰਧਾ, ਉਤਸ਼ਾਹ ਅਤੇ ਸੂਬਾ ਪੱਧਰ ‘ਤੇ ਡੇਰਾ ਸਤਿਗੁਰੂ ਲਾਲ ਨਾਥ ਰਹੀਮਪੁਰ (ਜਲੰਧਰ) ਵਿਖੇ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਡੇਰੇ ਦੇ ਗੱਦੀਨਸ਼ੀਨ ਅਤੇ ਸਰਾਇਨ ਬੋਰਡ ਐਡਵਾਈਜ਼ਰੀ ਕਮੇਟੀ ਭਗਵਾਨ ਵਾਲਮੀਕਿ ਤੀਰਥ (ਅੰਮ੍ਰਿਤਸਰ) ਦੇ ਚੇਅਰਮੈਨ ਬਾਲ ਜੋਗੀ ਬਾਬਾ ਪ੍ਰਗਟ ਨਾਥ ਜੀ ਨੇ ਇੱਕ ਪ੍ਰੈਸ ਮਿਲਣੀ ਦੌਰਾਨ ਸਾਂਝੀ ਕੀਤੀ।
ਪੰਜਾਬ ਸਰਕਾਰ ਦੇ ਸੈਰ-ਸਪਾਟਾ ਵਿਭਾਗ ਵੱਲੋਂ ਮਿਲੀ ਸੂਚਨਾ ਅਨੁਸਾਰ, ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਭਰ ਵਿੱਚ 5 ਵਿਸ਼ਾਲ ਰਾਜ ਪੱਧਰੀ ਪ੍ਰੋਗਰਾਮ ਉਲੀਕੇ ਗਏ ਹਨ। ਇਹ ਸਮਾਗਮ ਸ੍ਰੀ ਦੀਪਕ ਬਾਲੀ ਅਤੇ ਵਿਧਾਇਕ ਸ੍ਰੀ ਅਜੇ ਦੱਤ (ਅੰਬੇਡਕਰ ਨਗਰ, ਦਿੱਲੀ) ਦੇ ਦਿਸ਼ਾ-ਨਿਰਦੇਸ਼ਾਂ ਹੇਠ ਕਰਵਾਏ ਜਾਣਗੇ।
ਇਨ੍ਹਾਂ ਵਿੱਚੋਂ ਸਭ ਤੋਂ ਪਹਿਲਾ ਵਿਸ਼ਾਲ ਰਾਜ ਪੱਧਰੀ ਸਮਾਗਮ 10 ਅਕਤੂਬਰ 2026 ਨੂੰ ਡੇਰਾ ਸਤਿਗੁਰੂ ਲਾਲ ਨਾਥ (ਰਹੀਮਪੁਰ) ਵਿਖੇ ਹੋਵੇਗਾ। ਇਸ ਤੋਂ ਇਲਾਵਾ ਬਾਕੀ ਰਾਜ ਪੱਧਰੀ ਪ੍ਰੋਗਰਾਮ ਜਲੰਧਰ ਸ਼ਹਿਰ, ਬਠਿੰਡਾ, ਪਟਿਆਲਾ ਅਤੇ ਅੰਮ੍ਰਿਤਸਰ ਵਿਖੇ ਆਯੋਜਿਤ ਕੀਤੇ ਜਾਣਗੇ।
ਸਮਾਗਮ ਦੀਆਂ ਤਿਆਰੀਆਂ ਲਈ ਹੋਈ ਵਿਸ਼ੇਸ਼ ਮੀਟਿੰਗ
ਪ੍ਰੋਗਰਾਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਡੇਰਾ ਰਹੀਮਪੁਰ ਵਿਖੇ ਬਾਲ ਜੋਗੀ ਬਾਬਾ ਪ੍ਰਗਟ ਨਾਥ ਜੀ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸ ਵਿੱਚ ਵੱਖ-ਵੱਖ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਸੰਗਠਨਾਂ ਦੇ ਆਗੂਆਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ।
10 ਅਕਤੂਬਰ ਦੇ ਸਮਾਗਮ ਦੌਰਾਨ ਵੱਖ-ਵੱਖ ਕੀਰਤਨੀ ਜਥੇ ਭਗਵਾਨ ਵਾਲਮੀਕਿ ਜੀ ਦੀ ਮਹਿਮਾ ਦਾ ਗੁਣਗਾਨ ਕਰਨਗੇ ਅਤੇ ਸੰਗਤਾਂ ਨੂੰ ਉਨ੍ਹਾਂ ਦੇ ਦਰਸਾਏ ਮਾਰਗ ‘ਤੇ ਚੱਲਣ ਦੀ ਪ੍ਰੇਰਨਾ ਦੇਣਗੇ। ਇਸ ਮੌਕੇ ਪੰਜਾਬ ਦੇ ਕੋਨੇ-ਕੋਨੇ ਤੋਂ ਸੰਗਤਾਂ ਨਤਮਸਤਕ ਹੋਣ ਲਈ ਪਹੁੰਚਣਗੀਆਂ।
ਮੀਟਿੰਗ ਵਿੱਚ ਪ੍ਰਮੁੱਖ ਸ਼ਖਸੀਅਤਾਂ ਦੀ ਹਾਜ਼ਰੀ
ਅੱਜ ਦੀ ਇਸ ਮੀਟਿੰਗ ਵਿੱਚ ਹਲਕਾ ਨਕੋਦਰ ਦੀ ਵਿਧਾਇਕਾ ਇੰਦਰਜੀਤ ਕੌਰ ਮਾਨ, ਆਪ ਹਲਕਾ ਇੰਚਾਰਜ ਸ਼ਾਹਕੋਟ ਪਾਲਾ ਜਲਾਲਪੁਰੀ, ਪੰਜਾਬ ਸਫਾਈ ਕਮਿਸ਼ਨ ਦੇ ਚੇਅਰਮੈਨ ਚੰਦਨ ਗਰੇਵਾਲ, ਜ਼ਿਲ੍ਹਾ ਪਰਿਸ਼ਦ ਚੇਅਰਮੈਨ ਦਰਸ਼ਨ ਸਿੰਘ ਟਾਹਲੀ, ਜ਼ਿਲ੍ਹਾ ਪਲਾਨਿੰਗ ਬੋਰਡ ਦੇ ਚੇਅਰਮੈਨ ਅੰਮ੍ਰਿਤਪਾਲ, ਹਲਕਾ ਆਦਮਪੁਰ ਦੇ ਇੰਚਾਰਜ ਪਵਨ ਕੁਮਾਰ ਟੀਨੂ, ਹਲਕਾ ਫਿਲੌਰ ਦੇ ਇੰਚਾਰਜ ਹਰਜੋਤ ਕੌਰ ਲੋਹਟੀਆ, ਮਾਰਕੀਟ ਕਮੇਟੀ ਮਹਿਤਪੁਰ ਦੇ ਚੇਅਰਮੈਨ ਜਸਵੀਰ ਸਿੰਘ ਜਲਾਲਪੁਰੀ, ਹਲਕਾ ਕਰਤਾਰਪੁਰ ਦੇ ਵਿਧਾਇਕ ਬਲਕਾਰ ਸਿੰਘ, ਨੂਰਮਹਿਲ ਬਲਾਕ ਸੰਮਤੀ ਚੇਅਰਮੈਨ ਚਰਨਜੀਤ ਰਾਏ, ਬਲਾਕ ਸੰਮਤੀ ਨਕੋਦਰ ਚੇਅਰਮੈਨ ਚਰਨਜੀਤ ਸਿੰਘ ਬਿੱਲਾ, ਖਾਦੀ ਬੋਰਡ ਮੈਂਬਰ ਪਵਨ ਹੰਸ, ਮੈਡਮ ਕਿਟੂ ਗਰੇਵਾਲ ਅਤੇ ਡੇਰੇ ਦੇ ਸਮੂਹ ਸੇਵਾਦਾਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।