
ਮੇਰਾ ਆਪਣਾ ਪੰਜਾਬ-(21 ਅਕਤੂਬਰ)-(ਬਿਊਰੋ): ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਮੰਗਲਵਾਰ ਨੂੰ ਮਾਨਸਾ ਵਿਖੇ ਨਸ਼ਾ ਵਿਰੋਧੀ ਕਾਰਕੁਨ ਮਰਹੂਮ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਉਨ੍ਹਾਂ ਦੇ ਗ੍ਰਹਿ ਵਿਖੇ ਮੁਲਾਕਾਤ ਕਰਨ ਤੋਂ ਕੁਝ ਘੰਟਿਆਂ ਬਾਅਦ ਹੀ ਕੇਂਦਰੀ ਜਾਂਚ ਬਿਊਰੋ (CBI) ਦੀ ਟੀਮ ਸਰਗਰਮ ਹੋ ਗਈ ਹੈ। ਸੀ.ਬੀ.ਆਈ. ਦੀ ਪੰਜ ਮੈਂਬਰੀ ਟੀਮ ਇੱਥੇ ਪਹੁੰਚ ਕੇ ਕਤਲ ਕੇਸ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ।
ਥਾਣਾ ਸਿਟੀ-2 ਤੋਂ ਕੇਸ ਦੀ ਫ਼ਾਈਲ ਕਬਜ਼ੇ ‘ਚ ਲਈ :
ਜਾਣਕਾਰੀ ਅਨੁਸਾਰ, ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ CBI ਦੀ ਟੀਮ ਬੀਤੀ ਅੱਧੀ ਰਾਤ ਕਰੀਬ 12 ਵਜੇ ਮਾਨਸਾ ਪਹੁੰਚੀ। ਟੀਮ ਨੇ ਸਿਧੇ ਸਿਟੀ-2 ਪੁਲੀਸ ਥਾਣੇ ਪਹੁੰਚ ਕੇ ਇਸ ਕੇਸ ਨਾਲ ਸਬੰਧਤ ਸਾਰਾ ਰਿਕਾਰਡ ਅਤੇ ਫ਼ਾਈਲ ਆਪਣੇ ਕਬਜ਼ੇ ਵਿੱਚ ਲੈ ਲਈ ਹੈ।
ਪਰਿਵਾਰ ਦੀ ਲੰਬੇ ਸਮੇਂ ਤੋਂ ਸੀ ਮੰਗ :
ਪਰਵਿੰਦਰ ਸਿੰਘ ਝੋਟਾ ਦਾ ਪਰਿਵਾਰ ਲਗਾਤਾਰ ਪੰਜਾਬ ਸਰਕਾਰ ਤੋਂ ਇਸ ਮਾਮਲੇ ਦੀ CBI ਜਾਂਚ ਕਰਵਾਉਣ ਦੀ ਮੰਗ ਕਰ ਰਿਹਾ ਸੀ। ਪਰਿਵਾਰ ਦੀ ਇਸੇ ਮੰਗ ਨੂੰ ਮੁੱਖ ਰੱਖਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵੀ ਕੇਂਦਰ ਸਰਕਾਰ ਨੂੰ ਮਾਮਲੇ ਦੀ CBI ਜਾਂਚ ਦੀ ਸਿਫ਼ਾਰਸ਼ ਭੇਜੀ ਗਈ ਸੀ।
ਗ੍ਰਹਿ ਮੰਤਰੀ ਨੇ ਦਿੱਤਾ ਸੀ ਇਨਸਾਫ਼ ਦਾ ਭਰੋਸਾ :
ਇਸੇ ਮਾਮਲੇ ਦੇ ਸਬੰਧ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਖ਼ੁਦ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਅਤੇ ਮੁਲਾਕਾਤ ਕਰਨ ਮਾਨਸਾ ਪਹੁੰਚੇ ਸਨ। ਪੀੜਤ ਪਰਿਵਾਰ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਅਤੇ ਜਲਦ ਤੋਂ ਜਲਦ ਇਨਸਾਫ਼ ਦਿਵਾਉਣ ਦਾ ਪੂਰਾ ਭਰੋਸਾ ਦਿੱਤਾ ਸੀ।
ਇਨਸਾਫ਼ ਦੀ ਉਮੀਦ ਵਧੀ :
ਹੁਣ CBI ਟੀਮ ਦੇ ਮਾਨਸਾ ਪਹੁੰਚਣ ਅਤੇ ਸਿਟੀ-2 ਥਾਣੇ ਤੋਂ ਕੇਸ ਦੀ ਫ਼ਾਈਲ ਆਪਣੇ ਹੱਥਾਂ ‘ਚ ਲੈਣ ਤੋਂ ਬਾਅਦ ਇਨਸਾਫ਼ ਦੀਆਂ ਉਮੀਦਾਂ ਹੋਰ ਵਧ ਗਈਆਂ ਹਨ। ਫਿਲਹਾਲ ਸਾਰਿਆਂ ਦੀਆਂ ਨਜ਼ਰਾਂ ਜਾਂਚ ਦੇ ਅਗਲੇ ਪੜਾਅ ‘ਤੇ ਟਿਕੀਆਂ ਹੋਈਆਂ ਹਨ। ਹਾਲਾਂਕਿ, CBI ਵੱਲੋਂ ਕੇਸ ਦੀ ਰਸਮੀ ਰਜਿਸਟਰੇਸ਼ਨ ਅਤੇ ਜਾਂਚ ਦੇ ਅਗਲੇ ਕਦਮਾਂ ਸਬੰਧੀ ਅਧਿਕਾਰਤ ਪੁਸ਼ਟੀ ਆਉਣੀ ਅਜੇ ਬਾਕੀ ਹੈ।
