
ਮੇਰਾ ਆਪਣਾ ਪੰਜਾਬ-(2 ਨਵੰਬਰ)-(ਬਿਊਰੋ): ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ (ਆਪ) ਨੂੰ ਵੱਡਾ ਸਿਆਸੀ ਝਟਕਾ ਲੱਗਾ ਹੈ। ਪਾਰਟੀ ਦੇ ਤਿੰਨ ਪ੍ਰਮੁੱਖ ਵਿਧਾਇਕਾਂ—ਚੇਤਨ ਸਿੰਘ ਜੌੜਾਮਾਜਰਾ (ਸਮਾਣਾ), ਹਰਮੀਤ ਸਿੰਘ ਪਠਾਨਮਾਜਰਾ (ਸਨੌਰ) ਅਤੇ ਕੁੰਵਰ ਵਿਜੈ ਪ੍ਰਤਾਪ ਸਿੰਘ (ਅੰਮ੍ਰਿਤਸਰ ਉੱਤਰੀ)—ਨੇ ਅੱਜ ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ਦਾਮਨ ਥਾਮ ਲਿਆ ਹੈ।
ਨਵੀਂ ਦਿੱਲੀ ਸਥਿਤ ਭਾਜਪਾ ਦੇ ਕੇਂਦਰੀ ਦਫ਼ਤਰ ਵਿਖੇ ਆਯੋਜਿਤ ਇੱਕ ਸਮਾਗਮ ਦੌਰਾਨ ਭਾਜਪਾ ਦੇ ਪੰਜਾਬ ਇੰਚਾਰਜ ਸਤੀਸ਼ ਪੂਨੀਆ ਅਤੇ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਤਿੰਨਾਂ ਨੇਤਾਵਾਂ ਨੂੰ ਪਾਰਟੀ ਵਿੱਚ ਜੀ ਆਇਆਂ ਨੂੰ ਆਖਿਆ। ਇਸ ਮੌਕੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਅਤੇ ਹਰਮੀਤ ਸਿੰਘ ਪਠਾਨਮਾਜਰਾ ਭਗਵੇਂ ਰੰਗ ਦੀਆਂ ਦਸਤਾਰਾਂ ਵਿੱਚ ਨਜ਼ਰ ਆਏ।
ਅਸਤੀਫ਼ਿਆਂ ਦਾ ਘਟਨਾਕ੍ਰਮ
ਜ਼ਿਕਰਯੋਗ ਹੈ ਕਿ ਚੇਤਨ ਸਿੰਘ ਜੌੜਾਮਾਜਰਾ ਅਤੇ ਹਰਮੀਤ ਸਿੰਘ ਪਠਾਨਮਾਜਰਾ ਨੇ ਲੰਘੇ ਕੱਲ੍ਹ ਹੀ ‘ਆਪ’ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਸੀ। ਦੂਜੇ ਪਾਸੇ, ਅੰਮ੍ਰਿਤਸਰ ਉੱਤਰੀ ਤੋਂ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਅੱਜ ਪਾਰਟੀ ਦੀ ਮੈਂਬਰਸ਼ਿਪ ਦੇ ਨਾਲ-ਨਾਲ ਪੰਜਾਬ ਵਿਧਾਨ ਸਭਾ ਦੀ ਮੈਂਬਰਸ਼ਿਪ (ਵਿਧਾਇਕੀ) ਤੋਂ ਵੀ ਅਸਤੀਫ਼ਾ ਸਪੀਕਰ ਨੂੰ ਭੇਜ ਦਿੱਤਾ ਸੀ।
ਸੂਤਰਾਂ ਅਨੁਸਾਰ, ਇਹ ਸ਼ਮੂਲੀਅਤ ਬਿਨਾਂ ਕਿਸੇ ਸ਼ਰਤ ਜਾਂ ਟਿਕਟ ਦੇ ਵਾਅਦੇ ਤੋਂ ਕੀਤੀ ਗਈ ਹੈ। ਭਾਜਪਾ ਦੀ ਹਾਈਕਮਾਂਡ ਨੇ ਪੰਜਾਬ ਇਕਾਈ ਨੂੰ ਸਾਫ਼ ਅਕਸ ਵਾਲੇ ਨੇਤਾਵਾਂ ਨੂੰ ਹੀ ਪਾਰਟੀ ਵਿੱਚ ਥਾਂ ਦੇਣ ਦੀ ਹਦਾਇਤ ਕੀਤੀ ਹੈ।
ਤਿੰਨਾਂ ਨੇਤਾਵਾਂ ਦਾ ਸਿਆਸੀ ਪਿਛੋਕੜ ਅਤੇ ਵਿਵਾਦ
ਹਰਮੀਤ ਸਿੰਘ ਪਠਾਨਮਾਜਰਾ (ਸਨੌਰ):
2022 ਵਿੱਚ 49,122 ਵੋਟਾਂ ਦੇ ਵੱਡੇ ਫ਼ਰਕ ਨਾਲ ਚੋਣ ਜਿੱਤਣ ਵਾਲੇ ਪਠਾਨਮਾਜਰਾ ਦੀ ਮੁੱਖ ਮੰਤਰੀ ਭਗਵੰਤ ਮਾਨ ਦੇ ਪਰਿਵਾਰ ਨਾਲ ਕਾਫ਼ੀ ਨੇੜਤਾ ਰਹੀ ਹੈ ਅਤੇ ਉਹ ਸਿਆਸੀ ਹਲਕਿਆਂ ਵਿੱਚ 'ਫੁੱਫੜ' ਵਜੋਂ ਜਾਣੇ ਜਾਂਦੇ ਹਨ। ਹਾਲਾਂਕਿ, ਸਤੰਬਰ 2025 ਵਿੱਚ ਉਨ੍ਹਾਂ ਦੀ ਸਾਬਕਾ ਪਤਨੀ ਦੀ ਸ਼ਿਕਾਇਤ 'ਤੇ ਜਬਰ-ਜ਼ਿਨਾਹ ਦਾ ਕੇਸ ਦਰਜ ਹੋਇਆ ਸੀ, ਜਿਸ ਵਿੱਚ ਮਾਰਚ ਦੌਰਾਨ ਗਵਾਲੀਅਰ ਤੋਂ ਉਨ੍ਹਾਂ ਦੀ ਗ੍ਰਿਫ਼ਤਾਰੀ ਹੋਈ ਸੀ (ਬਾਅਦ ਵਿੱਚ ਹਾਈ ਕੋਰਟ ਤੋਂ ਜ਼ਮਾਨਤ ਮਿਲੀ)। ਇਸ ਤੋਂ ਇਲਾਵਾ ਉਨ੍ਹਾਂ 'ਤੇ ਗ਼ੈਰ-ਕਾਨੂੰਨੀ ਖਣਨ ਦਾ ਕੇਸ ਵੀ ਚੱਲ ਰਿਹਾ ਹੈ।
ਚੇਤਨ ਸਿੰਘ ਜੌੜਾਮਾਜਰਾ (ਸਮਾਣਾ):
ਸਾਲ 2022 'ਚ ਅਕਾਲੀ ਦਲ ਦੇ ਸੁਰਜੀਤ ਸਿੰਘ ਰੱਖੜਾ ਨੂੰ 39,713 ਵੋਟਾਂ ਨਾਲ ਹਰਾਉਣ ਵਾਲੇ ਜੌੜਾਮਾਜਰਾ 'ਆਪ' ਸਰਕਾਰ 'ਚ ਸਿਹਤ, ਬਾਗ਼ਬਾਨੀ ਅਤੇ ਲੋਕ ਸੰਪਰਕ ਵਰਗੇ ਮਹਿਕਮਿਆਂ ਦੇ ਕੈਬਨਿਟ ਮੰਤਰੀ ਰਹਿ ਚੁੱਕੇ ਹਨ। ਸਮਾਣਾ ਹਲਕੇ ਦੀ ਇੰਚਾਰਜੀ ਸੁਰਜੀਤ ਸਿੰਘ ਰੱਖੜਾ ਨੂੰ ਸੌਂਪੇ ਜਾਣ ਤੋਂ ਬਾਅਦ ਉਹ ਪਾਰਟੀ ਤੋਂ ਨਾਰਾਜ਼ ਚੱਲ ਰਹੇ ਸਨ। ਆਪਣੇ ਮੰਤਰੀ ਕਾਲ ਦੌਰਾਨ ਫ਼ਰੀਦਕੋਟ ਮੈਡੀਕਲ ਹਸਪਤਾਲ ਦੇ ਵੀਸੀ ਡਾ. ਰਾਜ ਬਹਾਦਰ ਨੂੰ ਗੰਦੇ ਗੱਦੇ 'ਤੇ ਲੇਟਾਉਣ ਦੇ ਵਿਵਾਦ ਕਾਰਨ ਵੀ ਉਹ ਚਰਚਾ 'ਚ ਰਹੇ ਸਨ।
ਕੁੰਵਰ ਵਿਜੈ ਪ੍ਰਤਾਪ ਸਿੰਘ (ਅੰਮ੍ਰਿਤਸਰ ਉੱਤਰੀ):
ਸਾਬਕਾ ਆਈ.ਪੀ.ਐਸ. ਅਧਿਕਾਰੀ ਕੁੰਵਰ ਵਿਜੈ ਪ੍ਰਤਾਪ, ਜੋ 2015 ਦੇ ਬਰਗਾੜੀ ਬੇਅਦਬੀ ਅਤੇ ਕੋਟਕਪੂਰਾ/ਬਹਿਬਲ ਕਲਾਂ ਗੋਲੀਬਾਰੀ ਕਾਂਡ ਦੀ ਐਸ.ਆਈ.ਟੀ. (SIT) ਜਾਂਚ ਦਾ ਹਿੱਸਾ ਸਨ, 2021 'ਚ ਸਮੇਂ ਤੋਂ ਪਹਿਲਾਂ ਸੇਵਾਮੁਕਤੀ ਲੈ ਕੇ 'ਆਪ' 'ਚ ਸ਼ਾਮਲ ਹੋਏ ਸਨ। ਉਹ ਵਿਧਾਨ ਸਭਾ ਵਿੱਚ ਬੇਅਦਬੀ ਦੇ ਮੁੱਦੇ ਅਤੇ ਸਥਾਨਕ ਸਮੱਸਿਆਵਾਂ ਬੇਬਾਕੀ ਨਾਲ ਚੁੱਕਣ ਲਈ ਜਾਣੇ ਜਾਂਦੇ ਹਨ। ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਵਿਜੀਲੈਂਸ ਕਾਰਵਾਈ 'ਤੇ ਸਵਾਲ ਚੁੱਕਣ ਕਾਰਨ ਪਾਰਟੀ ਨੇ ਜੂਨ 2025 ਵਿੱਚ ਉਨ੍ਹਾਂ ਨੂੰ 5 ਸਾਲਾਂ ਲਈ ਮੁਅੱਤਲ ਕਰ ਦਿੱਤਾ ਸੀ।