ਆਪਣੀ ਹੀ ਪਾਰਟੀ ਖ਼ਿਲਾਫ਼ ਚੋਣ ਲੜਨ ਦਾ ਕੀਤਾ ਐਲਾਨ
ਮੇਰਾ ਆਪਣਾ ਪੰਜਾਬ- ਚਮਕੌਰ ਸਾਹਿਬ, 13 ਨਵੰਬਰ (ਬਿਊਰੋ): 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ (AAP) ਵੱਲੋਂ ਜਾਰੀ ਕੀਤੀ ਗਈ ਉਮੀਦਵਾਰਾਂ ਦੀ ਦੂਜੀ ਸੂਚੀ ਵਿੱਚ ਸ੍ਰੀ ਚਮਕੌਰ ਸਾਹਿਬ ਹਲਕੇ ਤੋਂ ਜਸਵੀਰ ਸਿੰਘ ਗੜ੍ਹੀ ਨੂੰ ਟਿਕਟ ਦਿੱਤੇ ਜਾਣ ਤੋਂ ਬਾਅਦ ਹਲਕੇ ਦੀ ਸਿਆਸਤ ਪੂਰੀ ਤਰ੍ਹਾਂ ਭਖ ਗਈ ਹੈ। ਆਪਣੀ ਟਿਕਟ ਕੱਟੇ ਜਾਣ ਤੋਂ ਨਾਰਾਜ਼ ਮੌਜੂਦਾ ਵਿਧਾਇਕ ਡਾ. ਚਰਨਜੀਤ ਸਿੰਘ ਨੇ ਪਾਰਟੀ ਹਾਈਕਮਾਨ ਖ਼ਿਲਾਫ਼ ਬਗਾਵਤੀ ਸੁਰ ਅਖ਼ਤਿਆਰ ਕਰਦਿਆਂ ਚੋਣ ਮੈਦਾਨ ਵਿੱਚ ਉਤਰਨ ਦਾ ਐਲਾਨ ਕਰ ਦਿੱਤਾ ਹੈ।
ਹਾਈਕਮਾਨ ਅਤੇ ਹਰਪਾਲ ਚੀਮਾ ਨੂੰ ਦਿੱਤੀ ਸਿੱਧੀ ਚੁਣੌਤੀ
ਪਾਰਟੀ ਦੇ ਇਸ ਫ਼ੈਸਲੇ ‘ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਕੋਈ ਆਪਣਾ ਸਟੈਂਡ ਹੀ ਨਹੀਂ ਹੈ। ਉਨ੍ਹਾਂ ਚੁਣੌਤੀ ਭਰੇ ਲਹਿਜ਼ੇ ਵਿੱਚ ਕਿਹਾ ਕਿ ਜਸਵੀਰ ਸਿੰਘ ਗੜ੍ਹੀ ਤਾਂ ਕੀ, ਜੇਕਰ ਪਾਰਟੀ ਉਨ੍ਹਾਂ ਦੇ ਮੁਕਾਬਲੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਵੀ ਚੋਣ ਮੈਦਾਨ ਵਿੱਚ ਉਤਾਰ ਦੇਵੇ, ਤਾਂ ਵੀ ਉਹ ਹਲਕੇ ਦੇ ਲੋਕਾਂ ਦੇ ਸਹਿਯੋਗ ਨਾਲ ਚੋਣ ਜਿੱਤ ਕੇ ਦਿਖਾਉਣਗੇ।
ਆਪਣੀ ਵਫ਼ਾਦਾਰੀ ਅਤੇ ਕੁਰਬਾਨੀਆਂ ਦਾ ਹਵਾਲਾ ਦਿੰਦਿਆਂ ਵਿਧਾਇਕ ਨੇ ਭਾਵੁਕ ਹੋ ਕੇ ਦੱਸਿਆ ਕਿ ਉਨ੍ਹਾਂ ਨੇ ਪਾਰਟੀ ਅਤੇ ਲੋਕਾਂ ਦੀ ਸੇਵਾ ਖਾਤਰ ਚੰਡੀਗੜ੍ਹ ਸਥਿਤ ਆਪਣਾ ਮਕਾਨ ਅਤੇ ਚੱਲਦਾ ਹੋਇਆ ਪੈਟਰੋਲ ਪੰਪ ਤੱਕ ਵੇਚ ਦਿੱਤਾ ਸੀ। ਉਨ੍ਹਾਂ ਕਿਹਾ ਕਿ ਜ਼ਿੰਦਗੀ ਭਰ ਦੀ ਜਮ੍ਹਾਂ-ਪੂੰਜੀ ਪਾਰਟੀ ਲੇਖੇ ਲਾ ਕੇ ਉਨ੍ਹਾਂ 2017 ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖ਼ਿਲਾਫ਼ ਚੋਣ ਲੜਦਿਆਂ ਕਰੀਬ 50 ਹਜ਼ਾਰ ਵੋਟਾਂ ਹਾਸਲ ਕੀਤੀਆਂ ਸਨ ਅਤੇ 2022 ਦੀਆਂ ਚੋਣਾਂ ਵਿੱਚ ਪਾਰਟੀ ਦੇ ਹੁਕਮਾਂ ‘ਤੇ ਮੁੜ ਚੋਣ ਲੜ ਕੇ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕਰੀਬ 7,900 ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ।
ਡਾ. ਚਰਨਜੀਤ ਸਿੰਘ ਨੇ ਨਵੇਂ ਐਲਾਨੇ ਉਮੀਦਵਾਰ ਜਸਵੀਰ ਸਿੰਘ ਗੜ੍ਹੀ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਹਲਕੇ ਵਿੱਚ ਆਉਣ ਤੋਂ ਬਾਅਦ ਗੜ੍ਹੀ ਸਿਰਫ਼ ਪ੍ਰੈੱਸ ਕਾਨਫਰੰਸਾਂ ਕਰਕੇ ਵਿਰੋਧੀਆਂ ‘ਤੇ ਸਵਾਲ ਚੁੱਕਣ ਤੱਕ ਹੀ ਸੀਮਤ ਰਹੇ ਹਨ, ਜਦਕਿ ਜ਼ਮੀਨੀ ਪੱਧਰ ‘ਤੇ ਉਨ੍ਹਾਂ ਦੀ ਕਾਰਗੁਜ਼ਾਰੀ ਬਿਲਕੁਲ ਜ਼ੀਰੋ ਹੈ।
ਨਸ਼ਾ ਵਿਰੋਧੀ ਰੈਲੀ ਦੇ ਵਿਰੋਧ ਦੀ ਕੀਤੀ ਨਿਖੇਧੀ
ਬੀਤੇ ਦਿਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਨਸ਼ਿਆਂ ਖ਼ਿਲਾਫ਼ ਕੱਢੀ ਗਈ ਸਾਈਕਲ ਰੈਲੀ ਦਾ ਜਸਵੀਰ ਸਿੰਘ ਗੜ੍ਹੀ ਵੱਲੋਂ ਵਿਰੋਧ ਕੀਤੇ ਜਾਣ ‘ਤੇ ਵੀ ਵਿਧਾਇਕ ਨੇ ਸਖ਼ਤ ਇਤਰਾਜ਼ ਜਤਾਇਆ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਖ਼ਾਤਮੇ ਲਈ ਜੇਕਰ ਕੋਈ ਵੀ ਪਾਰਟੀ ਜਾਂ ਸੰਗਠਨ ਉਪਰਾਲਾ ਕਰਦਾ ਹੈ ਤਾਂ ਉਸ ਦਾ ਸਾਥ ਦੇਣਾ ਚਾਹੀਦਾ ਹੈ, ਪਰ ਅਜਿਹੀ ਮੁਹਿੰਮ ਦਾ ਵਿਰੋਧ ਕਰਨਾ ਸਿੱਧੇ ਤੌਰ ‘ਤੇ ਨਸ਼ਾ ਤਸਕਰਾਂ ਦਾ ਸਮਰਥਨ ਕਰਨ ਦੇ ਬਰਾਬਰ ਹੈ।