
ਮੇਰਾ ਆਪਣਾ ਪੰਜਾਬ-ਜਲੰਧਰ-(12 ਮਈ)-(ਪ.ਪ.): ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 650 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜ਼ਿਲ੍ਹੇ ਵਿੱਚ 6.50 ਲੱਖ ਬੂਟੇ ਲਗਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਮੈਡਮ ਦਿਵਿਆ ਪੀ. ਵੱਲੋਂ ਇਸ ਸਬੰਧੀ ਵੱਖ-ਵੱਖ ਵਿਭਾਗਾਂ ਨਾਲ ਮੀਟਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 650 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਜਿਸ ਤਹਿਤ ਜ਼ਿਲ੍ਹੇ ਭਰ ਵਿੱਚ 6.50 ਲੱਖ ਬੂਟੇ ਲਗਾਏ ਜਾਣੇ ਹਨ। ਇਸ ਮੁਹਿੰਮ ਤਹਿਤ ਮਿੰਨੀ ਫਾਰੈਸਟ, ਮੈਡੀਸਨਲ ਪਲਾਂਟੇਸ਼ਨ, ਫਲਦਾਰ ਤੇ ਫੁੱਲਦਾਰ ਬੂਟੇ ਲਗਾਉਣ ਦੇ ਨਾਲ-ਨਾਲ ਟਿੰਬਰ ਕਿਸਮਾਂ ਵੱਖ-ਵੱਖ ਵਿਭਾਗਾਂ ਪਾਸ ਉਪਲਬਧ ਥਾਵਾਂ ’ਤੇ ਲਗਾਈਆਂ ਜਾਣਗੀਆਂ। ਇਹ ਬੂਟੇ ਵਣ ਮੰਡਲ ਅਫ਼ਸਰ ਜਲੰਧਰ ਸ਼੍ਰੀ ਜਰਨੈਲ ਸਿੰਘ ਦੀ ਅਗਵਾਈ ‘ਚ ਵਣ ਵਿਭਾਗ ਵੱਲੋਂ ਸਪਲਾਈ ਕੀਤੇ ਜਾਣਗੇ ਅਤੇ ਬੂਟੇ ਲਗਾਉਣ ਦਾ ਕੰਮ ਕਰਵਾਉਣ ਦਾ ਜ਼ਿੰਮਾ ਅਤੇ ਉਸਦੀ ਦੇਖ-ਰੇਖ ਸਬੰਧਿਤ ਵਿਭਾਗ ਵੱਲੋਂ ਕੀਤੀ ਜਾਵੇਗੀ। ਵਧੀਕ ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਵਿਭਾਗਾਂ ਨੂੰ ਬੂਟਿਆਂ ਦੀ ਮੰਗ ਸਮੇਤ ਪੌਦੇ ਲਗਾਉਣ ਵਾਲੀ ਜਗ੍ਹਾ ਦਾ ਵੇਰਵਾ 10 ਦਿਨਾਂ ਦੇ ਅੰਦਰ-ਅੰਦਰ ਭੇਜਣ ਦੇ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਦੱਸਿਆ ਕਿ ਪੰਚਾਇਤ ਵਿਭਾਗ ਵੱਲੋਂ ਪਿੰਡਾਂ ਵਿੱਚ ਉਪਲਬਧ ਪੰਚਾਇਤੀ ਜ਼ਮੀਨ ’ਤੇ ਜੰਗਲ ਵੀ ਲਗਾਏ ਜਾਣਗੇ, ਜਿਸ ਦੀ ਦੇਖ-ਰੇਖ ਪੰਚਾਇਤ ਵੱਲੋਂ ਕੀਤੀ ਜਾਵੇਗੀ।