
ਮੇਰਾ ਆਪਣਾ ਪੰਜਾਬ-ਜਲੰਧਰ-(12 ਮਈ)-(ਨਵਜੋਤ ਮੱਟੂ): ਪੰਜਾਬ ਦੇ ਉਹ ਹੱਥ ਜੋ ਕੰਧਾਂ ਤੇ ਰੰਗ ਭਰ ਕੇ ਦੂਜਿਆਂ ਦੀ ਜ਼ਿੰਦਗੀ ਸਜਾਉਂਦੇ ਹਨ, ਅੱਜ ਉਹ ਖੁਦ ਫ਼ਿਕਰਾਂ ਦੇ ਹਨੇਰੇ ਵਿੱਚ ਹਨ। ਪੇਂਟਰ ਅਤੇ ਆਰਟਿਸਟ ਐਸੋਸੀਏਸ਼ਨ ਪੰਜਾਬ ਵੱਲੋਂ ਵਧਦੀ ਮਹਿੰਗਾਈ ਅਤੇ ਕੰਮ ਦੇ ਵਾਜਿਬ ਰੇਟਾਂ ਨੂੰ ਲੈ ਕੇ ਸਰਕਾਰ ਅਤੇ ਸਮਾਜ ਅੱਗੇ ਇੱਕ ਵੱਡੀ ਗੁਹਾਰ ਲਗਾਈ ਗਈ ਹੈ। ਅੱਜ ਪੰਜਾਬ ਪ੍ਰੈੱਸ ਕਲੱਬ ਜਲੰਧਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਅਜੇ ਪਾਰਸ ਨੇ ਦੱਸਿਆ ਕਿ ਬਹੁਤ ਦੁੱਖ ਦੀ ਗੱਲ ਹੈ ਕਿ ਕੰਪਨੀਆਂ ਅੱਜ ਵੀ 25 ਸਾਲ ਪਹਿਲਾਂ ਵਾਲੀਆਂ ਕੀਮਤਾਂ ‘ਤੋਂ 1.5% ਵਧਾ ਕੇ ਹੀ ਵਾਲ ਪੇਂਟਿੰਗ ਦਾ ਕੰਮ ਕਰਵਾ ਰਹੀਆਂ ਹਨ। ਪਿਛਲੇ 25 ਸਾਲਾਂ ਵਿੱਚ ਮਹਿੰਗਾਈ ਕਈ ਗੁਣਾ ਵਧ ਗਈ ਹੈ, ਪਰ ਪੇਂਟਰਾਂ ਦੀ ਮਜ਼ਦੂਰੀ ਓਥੇ ਦੀ ਓਥੇ ਹੀ ਹੈ। ਕੰਪਨੀਆਂ ਸਿੱਧਾ ਪੇਂਟਰਾਂ ਨੂੰ ਕੰਮ ਨਾ ਦੇ ਕੇ ਠੇਕੇਦਾਰਾਂ ਨੂੰ ਕੰਮ ਦੇ ਦਿੰਦੀਆਂ ਹਨ। ਇਹ ਵਿਚੋਲੀਏ ਬਹੁਤ ਘੱਟ ਰੇਟਾਂ ‘ਤੇ ਪੇਂਟਰ ਭਰਾਵਾਂ ਨੂੰ ਕੰਮ ਕਰਨ ਲਈ ਮਜ਼ਬੂਰ ਕਰਦੇ ਹਨ। ਰੰਗਾਂ ਦੀਆਂ ਡੱਬੀਆਂ, ਬੁਰਸ਼ਾਂ ਦੀ ਚਮਕ ਅਤੇ ਮਿਹਨਤ ਦੀ ਕੂਚੀ—ਇਹ ਸਭ ਹੁਣ ਮਹਿੰਗਾਈ ਦੀ ਭੇਟ ਚੜ੍ਹਦੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਐਸੋਸੀਏਸ਼ਨ ਦੀਆਂ ਮੀਟਿੰਗਾਂ ਦਾ ਦੌਰ ਜਾਰੀ ਹੈ। ਕਲਾਕਾਰਾਂ ਦਾ ਕਹਿਣਾ ਹੈ ਕਿ ਪਿਛਲੇ ਕੁਝ ਸਾਲਾਂ ਵਿੱਚ ਰੰਗਾਂ ਅਤੇ ਹੋਰ ਸਮਾਨ ਦੀਆਂ ਕੀਮਤਾਂ ਦੁੱਗਣੀਆਂ ਹੋ ਗਈਆਂ ਹਨ, ਪਰ ਉਨ੍ਹਾਂ ਦੀ ਮਿਹਨਤ ਦਾ ਮੁੱਲ ਅਜੇ ਵੀ ਉਹੀ ਪੁਰਾਣਾ ਹੈ।ਉਨ੍ਹਾਂ ਸਰਕਾਰ ਅਤੇ ਸਬੰਧਿਤ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਵਿਚ ਦਖ਼ਲ ਦੇ ਕੇ ਪੇਂਟਰ ਵੀਰਾਂ ਲਈ ਘੱਟੋ ਘੱਟ ਮਜ਼ਦੂਰੀ ਦਰ ਨਿਰਧਾਰਤ ਕਰੇ ਅਤੇ ਸਹੀ ਮੁਲ ਦੇਣ ਤਾਂ ਕਿ ਪੇਂਟਰ ਅਤੇ ਆਰਟਿਸਟ ਵੀਰਾਂ ਨੂੰ ਕੰਮ ਦਾ ਸਹੀ ਮੁੱਲ ਮਿਲ ਸਕੇ । ਜੇਕਰ ਸਰਕਾਰ ਜਾਂ ਸਬੰਧਤ ਅਧਿਕਾਰੀਆਂ ਨੇ ਇਸ ਵੱਲ ਧਿਆਨ ਨਾ ਦਿੱਤਾ ਤਾਂ ਐਸੋਸੀਏਸ਼ਨ ਕੰਮ ਠੱਪ ਕਰਨ ਤੇ ਮਜਬੂਰ ਹੋਵੇਗੀ।