
ਮੇਰਾ ਆਪਣਾ ਪੰਜਾਬ-(23 ਮਈ)-ਜਲੰਧਰ: ਡਿਪਟੀ ਕਮਿਸ਼ਨਰ ਸ਼੍ਰੀ ਵਰਜੀਤ ਵਾਲੀਆ ਨੇ ਲੋਕਾਂ ਨੂੰ ਹੀਟ ਵੇਵ (ਲੂ) ਤੋਂ ਬਚਣ ਲਈ ਸਿਹਤ ਵਿਭਾਗ ਵੱਲੋਂ ਜਾਰੀ ਐਡਵਾਇਜ਼ਰੀ ਦੀ ਪਾਲਣਾ ਕਰਨ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ ਕਿ ਐਡਵਾਇਜ਼ਰੀ ਅਨੁਸਾਰ ਬੱਚਿਆਂ, ਬਜ਼ੁਰਗਾਂ, ਗਰਭਵਤੀ ਔਰਤਾਂ ਅਤੇ ਪੁਰਾਣੀਆਂ ਬਿਮਾਰੀਆਂ (ਜਿਵੇਂ ਦਿਲ ਦੇ ਰੋਗ ਜਾਂ ਹਾਈ ਬਲੱਡ ਪ੍ਰੈਸ਼ਰ) ਤੋਂ ਪੀੜਤ ਮਰੀਜ਼ਾਂ ਨੂੰ ਲੂ ਲੱਗਣ ਦਾ ਖ਼ਤਰਾ ਸਭ ਤੋਂ ਵਧੇਰੇ ਹੁੰਦਾ ਹੈ, ਇਸ ਲਈ ਇਨ੍ਹਾਂ ਨੂੰ ਸਿਹਤ ਵੱਲ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ।
ਸ਼੍ਰੀ ਵਾਲੀਆ ਨੇ ਦੱਸਿਆ ਕਿ ਅੱਖਾਂ ਦੇ ਸਾਹਮਣੇ ਹਨ੍ਹੇਰਾ ਆ ਜਾਣਾ, ਚੱਕਰ ਖਾ ਕੇ ਡਿੱਗ ਪੈਣਾ, ਬੇਚੈਨੀ, ਘਬਰਾਹਟ ਹੋਣਾ, ਸਿਰ ਵਿਚ ਤੇਜ਼ ਦਰਦ ਹੋਣਾ, ਹਲਕਾ ਜਾਂ ਤੇਜ਼ ਬੁਖਾਰ ਹੋਣਾ, ਜੀਅ ਖ਼ਰਾਬ ਹੋਣਾ (ਉਲਟੀ ਆਉਣਾ), ਲੋੜ ਤੋਂ ਜ਼ਿਆਦਾ ਪਿਆਸ ਲੱਗਣਾ, ਬਹੁਤ ਜ਼ਿਆਦਾ ਕਮਜ਼ੋਰੀ ਮਹਿਸੂਸ ਹੋਣਾ, ਪਸੀਨਾ ਆਉਣਾ ਬੰਦ ਹੋ ਜਾਣਾ, ਚਮੜੀ ਦਾ ਲਾਲ ਤੇ ਬਹੁਤ ਗਰਮ ਹੋ ਜਾਣਾ ਆਦਿ ਲੂ (ਹੀਟ ਸਟ੍ਰੋਕ) ਦੇ ਲੱਛਣ ਹਨ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਵਿੱਚ ਉੁਕਤ ਲੱਛਣ ਵਿਖਾਈ ਦੇਣ ਤਾਂ ਮੁੱਢਲੀ ਸਹਾਇਤਾ ਲਈ ਜ਼ਰੂਰੀ ਹੈ ਕਿ ਅਜਿਹੇ ਵਿਅਕਤੀ ਨੂੰ ਤੁਰੰਤ ਛਾਵੇਂ/ਠੰਢੀ ਜਗ੍ਹਾ ‘ਤੇ ਬਿਠਾਇਆ ਜਾਂ ਲਿਟਾਇਆ ਜਾਵੇ, ਕੱਪੜੇ ਢਿੱਲੇ ਕਰ ਦਿੱਤੇ ਜਾਣ ਅਤੇ ਪੀਣ ਲਈ ਕੁਝ ਘਰੇਲੂ ਤਰਲ ਪਦਾਰਥ ਦਿੱਤਾ ਜਾਵੇ। ਇਸ ਤੋਂ ਇਲਾਵਾ ਸਰੀਰ ਦੇ ਤਾਪਮਾਨ ਨੂੰ ਜਲਦੀ ਘੱਟ ਕਰਨ ਲਈ ਸਿਰ ਅਤੇ ਪੂਰੇ ਸਰੀਰ ‘ਤੇ ਠੰਡੇ ਪਾਣੀ ਦੀਆਂ ਪੱਟੀਆਂ ਰੱਖੀਆਂ ਜਾਣ ਜਾਂ ਗਿੱਲੇ ਕੱਪੜੇ ਨਾਲ ਸਰੀਰ ਪੂੰਝਿਆ ਜਾਵੇ।
ਉਨ੍ਹਾਂ ਕਿਹਾ ਕਿ ਲੂ ਲੱਗਣ ‘ਤੇ ਬਿਨਾਂ ਦੇਰੀ ਨੇੜਲੇ ਸਰਕਾਰੀ ਹਸਪਤਾਲ ਲਿਜਾ ਕੇ ਮਾਹਰ ਡਾਕਟਰਾਂ ਕੋਲੋਂ ਉੱਚਿਤ ਇਲਾਜ ਸ਼ੁਰੂ ਕਰਵਾਇਆ ਜਾਵੇ। ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿੱਚ 104 (ਮੈਡੀਕਲ ਹੈਲਪਲਾਈਨ), 108 (ਐਂਬੂਲੈਂਸ) ਅਤੇ 112 ’ਤੇ ਕਾਲ ਕਰਕੇ ਹੀਟ ਵੇਵ ਸਬੰਧੀ ਸਹਾਇਤਾ ਅਤੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।
ਉਨ੍ਹਾਂ ਕਿਹਾ ਕਿ ਸਿਖ਼ਰ ਦੁਪਹਿਰ ਵੇਲੇ ਘਰੋਂ ਬਾਹਰ ਨਿਕਲਣ ਤੋਂ ਗੁਰੇਜ਼ ਕੀਤਾ ਜਾਵੇ। ਜ਼ਿਆਦਾ ਜ਼ਰੂਰਤ ਪੈਣ ‘ਤੇ ਘਰੋਂ ਬਾਹਰ ਨਿਕਲਣ ਸਮੇਂ ਆਪਣੇ ਸਰੀਰ ਨੂੰ ਹਲਕੇ ਸੂਤੀ ਕੱਪੜਿਆਂ ਨਾਲ ਪੂਰੀ ਤਰ੍ਹਾਂ ਨਾਲ ਢਕ ਲਿਆ ਜਾਵੇ। ਸਿਰ ਨੂੰ ਸਿੱਧੀ ਧੁੱਪ ਤੋਂ ਬਚਾਉਣ ਲਈ ਛਤਰੀ, ਟੋਪੀ, ਤੌਲੀਏ, ਪੱਗ ਜਾਂ ਦੁਪੱਟੇ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਉਨ੍ਹਾਂ ਕਿਹਾ ਕਿ ਗਰਮੀ ਤੋਂ ਆਪਣੇ-ਆਪ ਨੂੰ ਬਚਾਉਣ ਲਈ ਸਰੀਰ ਨੂੰ ਹਾਈਡ੍ਰੇਟਿਡ ਰੱਖਣ ਹਿੱਤ ਘਰੇਲੂ ਪਦਾਰਥ ਜਿਵੇਂ ਸਾਦਾ ਪਾਣੀ, ਲੱਸੀ, ਸ਼ਿਕੰਜਵੀ, ਗੰਨੇ ਦਾ ਰਸ, ਨਾਰੀਅਲ ਪਾਣੀ, ਤਾਜ਼ਾ ਜੂਸ ਅਤੇ ਓ.ਆਰ.ਐੱਸ. ਘੋਲ ਆਦਿ ਦਾ ਸੇਵਨ ਵਾਰ-ਵਾਰ ਕੀਤਾ ਜਾਵੇ।