ਮੇਰਾ ਆਪਣਾ ਪੰਜਾਬ-ਜਲੰਧਰ-(9 ਜੂਨ )-(ਨਵਜੋਤ ਮੱਟੂ):ਯੂ ਐੱਸ-ਇਜ਼ਰਾਇਲੀ ਸਾਮਰਾਜੀ ਜੰਗੀ ਜੁੰਡਲੀ ਵੱਲੋਂ ਇਰਾਨ ਉੱਤੇ ਥੋਪੀ ਜੰਗ ਖਿਲਾਫ ਅਤੇ ਦੱਖਣੀ ਇਰਾਨ ਦੇ ਸ਼ਹਿਰ ਮਿਨਾਬ ਵਿਖੇ ਲੜਕੀਆਂ ਦੇ ਐਲੀਮੈਂਟਰੀ ਸਕੂਲ ‘ਤੇ ਅਮਰੀਕੀ ਮਿਜ਼ਾਈਲ ਹਮਲੇ ਵਿੱਚ ਮਾਰੇ ਗਏ 168 ਦੇ ਕਰੀਬ ਬੱਚੀਆਂ ਅਤੇ 14 ਅਧਿਆਪਕਾਂ ਲਈ ‘ਹਾਅ ਦਾ ਨਾਅਰਾ’ ਮਾਰਨ ਲਈ ਡੈਮੋਕ੍ਰੈਟਿਕ ਟੀਚਰਜ਼ ਫਰੰਟ (ਡੀ ਟੀ ਐੱਫ) ਵੱਲੋਂ ਦੇਸ਼ ਭਗਤ ਯਾਦਗਾਰ ਹਾਲ ਵਿਖੇ ਸੂਬਾ ਪੱਧਰੀ ਕਨਵੈਨਸ਼ਨ ਕੀਤੀ ਗਈ। ਕਨਵੈਨਸ਼ਨ ਉਪਰੰਤ ਇਰਾਨੀ ਲੋਕਾਂ ਨਾਲ਼ ਇੱਕਮੁੱਠਤਾ ਪ੍ਰਗਟ ਕਰਦਿਆਂ ਅਮਰੀਕੀ ਸਾਮਰਾਜੀ ਜੰਗ ਖਿਲਾਫ ਪੂਰਨ ਜੰਗਬੰਦੀ ਦੀ ਮੰਗ ਨੂੰ ਲੈ ਕੇ ਪ੍ਰੈਸ ਕਲੱਬ ਚੌਂਕ ਤੱਕ ਰੋਸ ਮਾਰਚ ਵੀ ਕੀਤਾ ਗਿਆ।
ਡੀ ਟੀ ਐੱਫ ਵੱਲੋਂ ਕਨਵੈਨਸ਼ਨ ਦੀ ਸ਼ੁਰੂਆਤ ਇਰਾਨ ਵਿੱਚ ਮਾਰੀਆਂ ਗਈਆਂ ਸਕੂਲੀ ਬੱਚੀਆਂ ਨੂੰ ਦੋ ਮਿੰਟ ਦਾ ਮੌਨ ਰੱਖਕੇ ਸ਼ਰਧਾਂਜਲੀ ਦੇ ਕੇ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦੇ ਹੋਏ ਡੀ ਟੀ ਐੱਫ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਅਤੇ ਅਸ਼ਵਨੀ ਕੁਮਾਰ ਅਵਸਥੀ ਨੇ ਕਿਹਾ ਕਿ ਅਮਰੀਕੀ ਸਾਮਰਾਜ ਨੇ ਜੰਗੀ ਮਸ਼ੀਨਰੀ ਇਜ਼ਰਾਇਲ ਨਾਲ਼ ਮਿਲ ਕੇ ਮੱਧ ਪੂਰਬ ਨੂੰ ਜੰਗ ਦਾ ਅਖਾੜਾ ਬਣਾ ਦਿੱਤਾ ਹੈ ਜਿਸ ਦੀ ਮੁੱਖ ਧਾਰ ਇਰਾਨ ਦੇ ਖਿਲਾਫ ਹੈ। ਇਸ ਨਿਹੱਕੀ ਜੰਗ ਦਾ ਅਸਲ ਨਿਸ਼ਾਨਾ ਸੰਸਾਰ ਦੀ ਬਹੁਧਰੁਵਤਾ ਦੀ ਹਕੀਕਤ ਨੂੰ ਪਲਟ ਕੇ ਅਮਰੀਕੀ ਚੌਧਰ ਵਾਲੀ ਇੱਕਧਰੁਵਤਾ ਦੀ ਮੁੜ ਬਹਾਲੀ ਕਰਨਾ ਹੈ। ਇਸ ਨਿਸ਼ਾਨੇ ਦੀ ਪੂਰਤੀ ਲਈ ਅਮਰੀਕੀ ਹਾਕਮਾਂ ਵੱਲੋਂ ਸਮੁੱਚੀ ਇਰਾਨੀ ਸੱਭਿਅਤਾ ਨੂੰ ਖਤਮ ਕਰਨ ਦੇ ਖੁੱਲੇ ਐਲਾਨ ਕੀਤੇ ਜਾ ਰਹੇ ਹਨ। ਪਰ ਇਰਾਨੀ ਲੋਕਾਂ ਨੇ ਵੱਡੀ ਤਬਾਹੀ ਹੋਣ ਦੇ ਬਾਵਜੂਦ ਅਮਰੀਕੀ ਸਾਮਰਾਜ ਅੱਗੇ ਡਟਣ ਦੇ ਕੌਮੀ ਜਜ਼ਬੇ ਦੀ ਇਤਿਹਾਸਕ ਮਿਸਾਲ ਪੇਸ਼ ਕੀਤੀ ਹੈ। ਵਿਕਰਮ ਦੇਵ ਸਿੰਘ ਵੱਲੋਂ ਭਾਰਤ ਵਿੱਚ ਵੱਧ ਰਹੇ ਫੌਜੀਕਰਨ ਅਤੇ ਦੁਨੀਆ ਵਿੱਚ ਹਥਿਆਰਾਂ ਦੇ ਦੂਜੇ ਸਭ ਤੋਂ ਵੱਡੇ ਖਰੀਦਦਾਰ ਬਣਨ ਤੇ ਚਿੰਤਾ ਵੀ ਜ਼ਾਹਰ ਕੀਤੀ ਗਈ। ਡੀ ਟੀ ਐੱਫ ਦੇ ਸੂਬਾ ਮੀਤ ਪ੍ਰਧਾਨ ਗੁਰਪਿਆਰ ਸਿੰਘ ਕੋਟਲੀ ਵੱਲੋਂ ਇਰਾਨ ਦੀ ਸੱਭਿਅਤਾ ਅਤੇ ਵਿਰਸੇ ਵਿੱਚ ਕੁਰਬਾਨੀ ਦੀ ਅਹਿਮ ਮਹੱਤਤਾ ਉੱਤੇ ਚਰਚਾ ਕੀਤੀ ਗਈ।
ਸਾਬਕਾ ਮੁਲਾਜ਼ਮ ਆਗੂਆਂ ਸੁਖਦਰਸ਼ਨ ਸਿੰਘ ਨੱਤ ਅਤੇ ਕੰਵਲਜੀਤ ਖੰਨਾ ਨੇ ਕਿਹਾ ਕਿ ਅਮਰੀਕਨ ਸਾਮਰਾਜ ਦੀ ਪਿੱਠੂ ਬਣ ਕੇ ਦੇਸ਼ ਦੇ ਆਰਥਿਕ ਵਸੀਲਿਆਂ ਦਾ ਸੌਦਾ ਕਰ ਰਹੀ ਭਾਜਪਾ ਸਰਕਾਰ ਨੂੰ ਰੋਕਣ ਲਈ ਵੱਡੀ ਲੋਕ ਲਹਿਰ ਉਸਾਰਨਾ ਲੋਕਾਂ ਸਾਹਮਣੇ ਵੱਡਾ ਕਾਰਜ ਹੈ। ਉਹਨਾਂ ਕਿਹਾ ਕਿ ਜੰਗਾਂ ਸਾਮਰਾਜ ਦਾ ਅੰਤਰੀਵ ਸੁਭਾਅ ਹੰਦਾ ਹੈ ਜੋ ਸੰਸਾਰ ਮੰਡੀ ਦੀ ਮੁੜ ਵੰਡ ਲਈ ਵੱਖ ਵੱਖ ਖ਼ਿੱਤਿਆਂ ਵਿੱਚ ਜੰਗਾਂ ਲਗਾਉਂਦਾ ਹੈ। ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ ਨੇ ਦੱਸਿਆ ਕਿ ਅਮਰੀਕਾ ਦੀ ਸ਼ਹਿ ਨਾਲ ਇਜ਼ਰਾਈਲ ਵੱਲੋਂ ਗਾਜ਼ਾ ਉੱਪਰ ਕੀਤੇ ਬੇਕਿਰਕ ਹਮਲਿਆਂ ਦੌਰਾਨ ਵੀ ਹਜ਼ਾਰਾਂ ਫਲਸਤੀਨੀ ਔਰਤਾਂ ਅਤੇ ਬੱਚਿਆਂ ਨੂੰ ਮੌਤ ਦੇ ਘਾਟ ਉਤਾਰ ਕੇ ਨੰਗੀ ਚਿੱਟੀ ਨਸਲਕੁਸ਼ੀ ਦਾ ਘਿਨਾਉਣਾ ਕਾਰਨਾਮਾ ਕੀਤਾ ਗਿਆ ਸੀ।
ਇਸ ਮੌਕੇ ਡੀ ਟੀ ਐੱਫ ਦੇ ਸੂਬਾ ਮੀਤ ਪ੍ਰਧਾਨਾਂ ਰਾਜੀਵ ਕੁਮਾਰ ਬਰਨਾਲਾ ਅਤੇ ਬੇਅੰਤ ਸਿੰਘ ਫੁੱਲੇਵਾਲ ਨੇ ਕਿਹਾ ਕਿ ਸਾਮਰਾਜੀ ਜੰਗਾਂ ਦਾ ਕਿਰਦਾਰ ਲੋਕ ਵਿਰੋਧੀ ਹੁੰਦਾ ਹੈ ਜਿਸ ਦੀ ਕੀਮਤ ਹਮੇਸ਼ਾ ਬੇਕਸੂਰ ਲੋਕਾਂ ਨੂੰ ਆਪਣੀਆਂ ਜਾਨਾਂ ਨਾਲ਼ ਚੁਕਾਉਣੀ ਪੈਂਦੀ ਹੈ। ਉਹਨਾਂ ਭਾਰਤ ਦੀ ਮੋਦੀ ਹਕੂਮਤ ਦੀ ਅਲੋਚਨਾ ਕਰਦਿਆਂ ਕਿਹਾ ਕਿ ਅਮਰੀਕਨ ਧਾੜਵੀ ਨੀਤੀਆਂ ਦਾ ਵਿਰੋਧ ਕਰਨ ਅਤੇ ਜੰਗੇ ਦੇ ਝੰਬੇ ਇਰਾਨ ਨਾਲ਼ ਖੜਨ ਦੀ ਬਜਾਏ ਉਹ ਯੂ ਐੱਸ -ਇਜਰਾਇਲ ਨਾਲ਼ ਨਿੱਤ ਨਵੇਂ ਆਰਥਿਕ ਅਤੇ ਫੌਜੀ ਸਮਝੌਤੇ ਕਰ ਰਹੇ ਹਨ। ਇਰਾਨ ਉੱਪਰ ਹਮਲੇ ਤੋਂ ਸਿਰਫ ਦੋ ਦਿਨ ਪਹਿਲਾਂ ਪ੍ਰਧਾਨ ਮੰਤਰੀ ਦਾ ਇਜ਼ਰਾਇਲ ਦੌਰਾ ਭਾਰਤ ਦੀ ਵਿਦੇਸ਼ ਨੀਤੀ ਤੇ ਗੰਭੀਰ ਸਵਾਲ ਖੜੇ ਕਰਦਾ ਹੈ। ਮੱਧ ਪੂਰਬ ਵਿੱਚ ਚੱਲ ਰਹੇ ਜੰਗੀ ਟਕਰਾਅ ਦੇ ਸਿੱਟੇ ਵੱਜੋਂ ਵਧੀਆਂ ਤੇਲ, ਖਾਦ, ਗੈਸ ਦੀਆਂ ਕੀਮਤਾਂ ਨੇ ਮਹਿੰਗਾਈ, ਬੇਰੁਜ਼ਗਾਰੀ ਅਤੇ ਮੰਦਹਾਲੀ ਵਿੱਚ ਵੱਡਾ ਵਾਧਾ ਕੀਤਾ ਹੈ ਜਿਸ ਨੂੰ ਨਜਿੱਠਣ ਲਈ ਮੋਦੀ ਸਰਕਾਰ ਮੁਕੰਮਲ ਨਾਕਾਮ ਸਾਬਤ ਹੋਈ ਹੈ। ਇਸ ਮੌਕੇ ਅਮਰੀਕਨ ਹਮਲੇ ਦੌਰਾਨ ਮਾਰੇ ਗਏ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਯਾਦ ਵਿੱਚ ਮਾਨਵੀ ਸਹਾਇਤਾ ਇਕੱਤਰ ਕਰਨ ਦਾ ਫੈਸਲਾ ਵੀ ਕੀਤਾ ਗਿਆ। ਸਟੇਜ਼ ਸਕੱਤਰ ਦੀ ਭੂਮਿਕਾ ਡੀ ਟੀ ਐੱਫ ਆਗੂ ਮੁਕੇਸ਼ ਕੁਮਾਰ ਗੁਜਰਾਤੀ ਵੱਲੋਂ ਨਿਭਾਈ ਗਈ ਅਤੇ ਮਾਰਚ ਦੇ ਅੰਤ ਵਿੱਚ ਆਏ ਕਾਰਕੁੰਨਾਂ ਦਾ ਧੰਨਵਾਦ ਡੀ ਟੀ ਐੱਫ ਜਲੰਧਰ ਦੇ ਪ੍ਰਧਾਨ ਕੁਲਵਿੰਦਰ ਸਿੰਘ ਜੋਸਨ ਵੱਲੋਂ ਕੀਤਾ ਗਿਆ।
ਪ੍ਰਧਾਨਗੀ ਮੰਡਲ ਵਿੱਚ ਮੁਲਾਜ਼ਮ ਆਗੂਆਂ ਹਰਦੀਪ ਸਿੰਘ ਟੋਡਰਪੁਰ, ਗੁਰਦੀਪ ਸਿੰਘ ਬਾਸੀ, ਪਰਮਜੀਤ ਕੌਰ ਮਾਨ ਅਤੇ ਮਮਤਾ ਸ਼ਰਮਾ ਤੋਂ ਇਲਾਵਾ ਅਧਿਆਪਕ ਆਗੂ ਜਗਪਾਲ ਸਿੰਘ ਬੰਗੀ, ਹਰਜਿੰਦਰ ਸਿੰਘ ਵਡਾਲਾ ਬਾਂਗਰ, ਰਘਵੀਰ ਸਿੰਘ ਭਵਾਨੀਗੜ੍ਹ, ਅਤਿੰਦਰ ਪਾਲ ਸਿੰਘ, ਸ਼ਲਿੰਦਰ ਕੰਬੋਜ, ਸੰਦੀਪ ਸਿੰਘ ਗਿੱਲ, ਪਵਨ ਕੁਮਾਰ ਮੁਕਤਸਰ, ਸੁਖਦੇਵ ਸਿੰਘ ਡਾਂਸੀਵਾਲ, ਤਜਿੰਦਰ ਸਿੰਘ ਕਪੂਰਥਲਾ ਅਤੇ ਜਸਵਿੰਦਰ ਸਿੰਘ ਔਜਲਾ ਆਦਿ ਹੋਰ ਵੀ ਬਹੁਤ ਸਾਰੇ ਆਗੂ ਸ਼ਾਮਿਲ ਸਨ ।