ਟਰੈਵਲ ਏਜੰਟਾਂ ਵਿਰੁੱਧ ਕਾਰਵਾਈ ਅਤੇ ਨੌਜਵਾਨ ਦੀ ਸੁਰੱਖਿਅਤ ਵਾਪਸੀ ਦੀ ਮੰਗ

ਮੇਰਾ ਆਪਣਾ ਪੰਜਾਬ-ਜਲੰਧਰ/ਫਿਲੌਰ-(13 ਅਗਸਤ)-(ਪੱਤਰ ਪ੍ਰੇਰਕ): ਜਲੰਧਰ ਜ਼ਿਲ੍ਹੇ ਦੇ ਹਲਕਾ ਫ਼ਿਲੌਰ ਅਧੀਨ ਆਉਂਦੇ ਪਿੰਡ ਭੈਣੀ ਦੇ 30 ਸਾਲਾ ਨੌਜਵਾਨ ਰਾਕੇਸ਼ ਕੁਮਾਰ ਨੂੰ ਟਰੈਵਲ ਏਜੰਟਾਂ ਵੱਲੋਂ ਇਟਲੀ ਭੇਜਣ ਦਾ ਝਾਂਸਾ ਦੇ ਕੇ ਵਿਦੇਸ਼ ਵਿੱਚ ਅਗਵਾ ਕਰਵਾਉਣ ਅਤੇ 58 ਲੱਖ ਰੁਪਏ ਦੀ ਫਿਰੌਤੀ ਮੰਗਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਪੀੜਤ ਪਰਿਵਾਰ ਵੱਲੋਂ ਦੋਸ਼ੀ ਟਰੈਵਲ ਏਜੰਟਾਂ ਵਿਰੁੱਧ ਪੁਲਿਸ ਕੋਲ ਲਿਖਤੀ ਸ਼ਿਕਾਇਤ ਦਰਜ ਕਰਵਾ ਕੇ ਪੁੱਤਰ ਦੀ ਸੁਰੱਖਿਅਤ ਵਾਪਸੀ ਅਤੇ ਠੱਗ ਏਜੰਟਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ ਹੈ।
ਪੀੜਤ ਦੇ ਪਿਤਾ ਕਸ਼ਮੀਰ ਲਾਲ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਪੁੱਤਰ ਰਾਕੇਸ਼ ਕੁਮਾਰ ਨੂੰ ਇਟਲੀ ਭੇਜਣ ਲਈ ਦੋ ਏਜੰਟਾਂ—ਪਰਮਜੀਤ ਸਿੰਘ (ਜੋ ਇਟਲੀ ਵਿੱਚ ਰਹਿੰਦਾ ਹੈ) ਅਤੇ ਪਿੰਡ ਭਾਰਸਿੰਘਪੁਰ ਦੀ ਰਹਿਣ ਵਾਲੀ ਇੱਕ ਮਹਿਲਾ ਏਜੰਟ—ਨਾਲ 9.50 ਲੱਖ ਰੁਪਏ ਵਿੱਚ ਸੌਦਾ ਕੀਤਾ ਸੀ। ਪਰਿਵਾਰ ਵੱਲੋਂ 2 ਲੱਖ ਰੁਪਏ ਐਡਵਾਂਸ ਵਜੋਂ ਦਿੱਤੇ ਗਏ ਸਨ। ਏਜੰਟਾਂ ਦੇ ਆਖੇ ਅਨੁਸਾਰ ਰਾਕੇਸ਼ ਨੂੰ 5 ਅਗਸਤ ਨੂੰ ਜੈਪੁਰ ਤੋਂ ਦੁਬਈ ਰਾਹੀਂ ਕੀਨੀਆ ਭੇਜਿਆ ਗਿਆ, ਜਿੱਥੋਂ ਅੱਗੇ ਇਟਲੀ ਦੀ ਉਡਾਣ ਦਾ ਵਾਅਦਾ ਕੀਤਾ ਗਿਆ ਸੀ।
ਅਗਵਾ ਅਤੇ ਫਿਰੌਤੀ ਦੀ ਮੰਗ
ਕੀਨੀਆ ਪਹੁੰਚਣ ‘ਤੇ ਇੱਕ ਅਪਰਾਧਿਕ ਗਰੋਹ (ਜਿਸ ਦਾ ਮੁਖੀ ‘ਖਾਨ ਬਾਬਾ’ ਦੱਸਿਆ ਜਾ ਰਿਹਾ ਹੈ) ਨੇ ਰਾਕੇਸ਼ ਅਤੇ ਉਸ ਦੇ ਨਾਲ ਆਏ ਦੋ ਹੋਰ ਪੰਜਾਬੀ ਨੌਜਵਾਨਾਂ ਨੂੰ ਬੰਧਕ ਬਣਾ ਲਿਆ। 6 ਅਗਸਤ ਨੂੰ ਅਗਵਾਕਾਰਾਂ ਨੇ ਰਾਕੇਸ਼ ਦੀ ਬੇਰਹਿਮੀ ਨਾਲ ਕੁੱਟਮਾਰ ਕਰਕੇ ਵੀਡੀਓ ਵਟਸਐਪ ‘ਤੇ ਭੇਜੀ ਅਤੇ 58 ਲੱਖ ਰੁਪਏ ਦੀ ਫਿਰੌਤੀ ਮੰਗੀ। ਅਗਵਾਕਾਰਾਂ ਅਨੁਸਾਰ ਏਜੰਟ ਪਰਮਜੀਤ ਸਿੰਘ ਨਾਲ ਉਨ੍ਹਾਂ ਦਾ ਵਿੱਤੀ ਵਿਵਾਦ ਹੈ। ਫਿਲਹਾਲ ਏਜੰਟ ਪਰਮਜੀਤ ਸਿੰਘ ਨੇ ਪਰਿਵਾਰ ਦੇ ਫੋਨ ਚੁੱਕਣੇ ਬੰਦ ਕਰ ਦਿੱਤੇ ਹਨ।
ਪ੍ਰਸ਼ਾਸਨ ਅਤੇ ਸਰਕਾਰ ਤੋਂ ਮਦਦ ਦੀ ਗੁਹਾਰ
ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਆਮ ਆਦਮੀ ਪਾਰਟੀ ਦੇ ਫ਼ਿਲੌਰ ਹਲਕੇ ਦੇ ਸਾਬਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਪੀੜਤ ਪਰਿਵਾਰ ਨਾਲ ਮੁਲਾਕਾਤ ਕੀਤੀ। ਉਨ੍ਹਾਂ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਨੌਜਵਾਨ ਨੂੰ ਸੁਰੱਖਿਅਤ ਭਾਰਤ ਲਿਆਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।
ਪੀੜਤ ਪਰਿਵਾਰ ਨੇ ਪੰਜਾਬ ਸਰਕਾਰ, ਭਾਰਤੀ ਵਿਦੇਸ਼ ਮੰਤਰਾਲੇ ਅਤੇ ਪੁਲਿਸ ਪ੍ਰਸ਼ਾਸਨ ਨੂੰ ਗੁਹਾਰ ਲਗਾਈ ਹੈ ਕਿ ਰਾਕੇਸ਼ ਦੀ ਜਾਨ ਬਚਾਉਣ ਲਈ ਤੁਰੰਤ ਕੂਟਨੀਤਕ ਕਦਮ ਚੁੱਕੇ ਜਾਣ ਅਤੇ ਦੋਸ਼ੀ ਏਜੰਟਾਂ ਨੂੰ ਗ੍ਰਿਫ਼ਤਾਰ ਕਰਕੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।