
ਮੇਰਾ ਆਪਣਾ ਪੰਜਾਬ (ਜਲੰਧਰ), 6 ਅਕਤੂਬਰ-(ਨਵਜੋਤ ਮੱਟੂ): ਅਲਾਇੰਸ ਆਫ਼ ਆਲ ਐਕਸ ਪੈਰਾ ਮਿਲਟਰੀ ਫੋਰਸਿਜ਼ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਅੱਜ ਪੰਜਾਬ ਪ੍ਰੈਸ ਕਲੱਬ ਜਲੰਧਰ ਵਿਖੇ ਇਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਵਿੱਚ ਪੰਜਾਬ ਦੇ ਲੱਖਾਂ ਪੈਰਾ ਮਿਲਟਰੀ ਪਰਿਵਾਰਾਂ ਦੀਆਂ ਭਲਾਈ ਮੰਗਾਂ ਅਤੇ ਕੇਂਦਰੀ ਮੁੱਦਿਆਂ ‘ਤੇ ਜ਼ੋਰਦਾਰ ਆਵਾਜ਼ ਬੁਲੰਦ ਕੀਤੀ ਗਈ।
ਮੁੱਖ ਮੰਗਾਂ ਅਤੇ ਪ੍ਰਮੁੱਖ ਨੁਕਤੇ:
ਅਰਧ ਸੈਨਿਕ ਭਲਾਈ ਬੋਰਡ ਦਾ ਗਠਨ:
ਐਸੋਸੀਏਸ਼ਨ ਦੇ ਜਨਰਲ ਸਕੱਤਰ ਰਣਬੀਰ ਸਿੰਘ ਅਤੇ ਸਾਬਕਾ ਸਹਾਇਕ ਕਮਾਂਡੈਂਟ ਸਰਦਾਰ ਜੋਗਾ ਸਿੰਘ ਨੇ ਮੰਗ ਕੀਤੀ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਰਾਜ ਵਿੱਚ ਤੁਰੰਤ 'ਅਰਧ ਸੈਨਿਕ ਭਲਾਈ ਬੋਰਡ' ਦਾ ਗਠਨ ਕਰਨ। ਉਨ੍ਹਾਂ ਸਪੱਸ਼ਟ ਕੀਤਾ ਕਿ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਅਰਧ ਸੈਨਿਕ ਬਲਾਂ ਦੀਆਂ ਲੱਖਾਂ ਵੋਟਾਂ ਉਸੇ ਪਾਰਟੀ ਨੂੰ ਜਾਣਗੀਆਂ ਜੋ ਇਸ ਬੋਰਡ ਦਾ ਗਠਨ ਕਰੇਗੀ।
ਸ਼ਹੀਦ ਪਰਿਵਾਰਾਂ ਲਈ 2 ਕਰੋੜ ਦੀ ਐਕਸ-ਗ੍ਰੇਸ਼ੀਆ ਰਾਸ਼ੀ:
ਖੇਡ ਤਮਗਾ ਜੇਤੂਆਂ ਵਾਂਗ ਦੇਸ਼ ਲਈ ਜਾਨ ਵਾਰਨ ਵਾਲੇ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ ਵੀ ਯੋਗ ਸਨਮਾਨ ਦੇਣ ਦੀ ਮੰਗ ਕਰਦਿਆਂ ਐਸੋਸੀਏਸ਼ਨ ਨੇ ਸ਼ਹੀਦਾਂ ਦੇ ਪਰਿਵਾਰਾਂ ਲਈ 2 ਕਰੋੜ ਰੁਪਏ ਦੀ ਐਕਸ-ਗ੍ਰੇਸ਼ੀਆ ਰਾਸ਼ੀ ਦੇਣ ਦੀ ਮੰਗ ਰੱਖੀ।
OGAS Status, ਕਾਲੇ ਕਾਨੂੰਨ ਅਤੇ ਪੁਰਾਣੀ ਪੈਨਸ਼ਨ ਬਹਾਲੀ:
ਸਾਬਕਾ ਏ.ਡੀ.ਜੀ. (CRPF) ਸ੍ਰੀ ਐੱਚ.ਆਰ. ਸਿੰਘ ਨੇ 23 ਮਈ 2025 ਦੇ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਆਰਗੇਨਾਈਜ਼ਡ ਗਰੁੱਪ "ਏ" ਸਰਵਿਸ (OGAS) ਦੇ ਦਰਜੇ ਨੂੰ ਲਾਗੂ ਕਰਨ ਅਤੇ CAPF ਜਨਰਲ ਐਡਮਿਨਿਸਟ੍ਰੇਸ਼ਨ ਬਿਲ 2026 (ਕਾਲੇ ਕਾਨੂੰਨ) ਨੂੰ ਵਾਪਸ ਲੈਣ ਦੀ ਮੰਗ ਕੀਤੀ। ਇਸ ਦੇ ਨਾਲ ਹੀ ਐਕਸ ਆਈ.ਜੀ. (CRPF) ਸ੍ਰੀ ਕੁਲਬੀਰ ਸਿੰਘ ਨੇ ਦਿੱਲੀ ਹਾਈ ਕੋਰਟ ਦੇ 11 ਜਨਵਰੀ 2023 ਦੇ ਫੈਸਲੇ ਅਨੁਸਾਰ CAPF ਜਵਾਨਾਂ ਲਈ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਮੰਗ ਚੁੱਕੀ।
ਜੰਤਰ-ਮੰਤਰ ਵਿਖੇ ਆਗਾਮੀ ਸੰਘਰਸ਼:
BSF ਟ੍ਰੇਡਸਮੈਨਾਂ ਦਾ ਧਰਨਾ (9 ਅਕਤੂਬਰ):
ਸਾਲ 2023-24 ਦੌਰਾਨ ਭਰਤੀ ਹੋਏ ਲਗਭਗ 400 BSF ਟ੍ਰੇਡਸਮੈਨ (ਕੁੱਕ/ਵਾਟਰ ਕੈਰੀਅਰ), ਜੋ ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ (NSDC) ਵੱਲੋਂ ਟ੍ਰੇਨਿੰਗ ਸਰਟੀਫਿਕੇਟ ਜਾਰੀ ਨਾ ਹੋਣ ਕਾਰਨ ਆਨਲਾਈਨ ਠੱਗੀ ਦਾ ਸ਼ਿਕਾਰ ਹੋ ਗਏ ਸਨ ਅਤੇ ਸੇਵਾ ਤੋਂ ਬਾਹਰ ਕਰ ਦਿੱਤੇ ਗਏ ਸਨ, ਉਨ੍ਹਾਂ ਦੇ 40 ਜਵਾਨ ਤੇ ਪਰਿਵਾਰ 9 ਅਕਤੂਬਰ ਨੂੰ ਜੰਤਰ-ਮੰਤਰ ਵਿਖੇ ਆਪਣੀ ਬਹਾਲੀ ਲਈ ਸ਼ਾਂਤਮਈ ਪ੍ਰਦਰਸ਼ਨ ਕਰਨਗੇ।
ਅਲਾਇੰਸ ਦੀ ਦੇਸ਼ ਵਿਆਪੀ ਭੁੱਖ ਹੜਤਾਲ (12 ਤੋਂ 18 ਨਵੰਬਰ):
ਕੇਰਲਾ ਤੋਂ ਲੈ ਕੇ ਕਸ਼ਮੀਰ ਤੱਕ ਦੇ ਸਾਬਕਾ ਅਰਧ ਸੈਨਿਕ ਅਤੇ ਉਨ੍ਹਾਂ ਦੇ ਪਰਿਵਾਰ 12 ਨਵੰਬਰ ਤੋਂ 18 ਨਵੰਬਰ ਤੱਕ ਜੰਤਰ-ਮੰਤਰ ਵਿਖੇ ਸ਼ਾਂਤਮਈ ਭੁੱਖ ਹੜਤਾਲ ਕਰਨਗੇ, ਜਿਸ ਦੀ ਸੂਚਨਾ ਪ੍ਰਧਾਨ ਮੰਤਰੀ ਦਫ਼ਤਰ (PMO) ਨੂੰ ਦੇ ਦਿੱਤੀ ਗਈ ਹੈ।
ਪ੍ਰਧਾਨ ਮੰਤਰੀ ਅੱਗੇ ਭਾਵੁਕ ਅਪੀਲ:
ਸਾਬਕਾ ਅਧਿਕਾਰੀਆਂ ਨੇ ਦੱਸਿਆ ਕਿ BSF ਟ੍ਰੇਡਸਮੈਨਾਂ ਨੇ ਕੋਈ ਜਾਅਲੀ ਦਸਤਾਵੇਜ਼ ਪੇਸ਼ ਨਹੀਂ ਕੀਤੇ ਸਨ, ਸਗੋਂ ਉਹ ਸਾਈਬਰ ਠੱਗੀ ਦਾ ਸ਼ਿਕਾਰ ਹੋਏ ਹਨ। ਉਨ੍ਹਾਂ ਮਾਣਯੋਗ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਤੇ DG BSF ਅੱਗੇ ਅਪੀਲ ਕੀਤੀ ਕਿ ਇਹਨਾਂ 400 ਮਿਹਨਤਕਸ਼ ਜਵਾਨਾਂ ਨੂੰ ਮੁੜ ਸੇਵਾਵਾਂ ਵਿੱਚ ਬਹਾਲ ਕਰਕੇ ਦੀਵਾਲੀ ਦਾ ਤੋਹਫ਼ਾ ਦਿੱਤਾ ਜਾਵੇ।