ਮੇਰਾ ਆਪਣਾ ਪੰਜਾਬ-ਜਲੰਧਰ (ਬਿਊਰੋ): ਮੌਸਮ ਵਿਭਾਗ ਨੇ ਅੱਜ ਤੋਂ ਪੰਜਾਬ ਅਤੇ ਚੰਡੀਗੜ੍ਹ ਵਿਚ ਠੰਢ ਹੋਰ ਵਧਣ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਭਾਗ ਨੇ ਅਗਲੇ ਤਿੰਨ ਦਿਨਾਂ ਲਈ ਸੂਬੇ ਵਿਚ ਸੀਤ ਲਹਿਰ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਅਨੁਸਾਰ ਪਿਛਲੇ 24 ਘੰਟਿਆਂ ਵਿਚ ਸੂਬੇ ਵਿਚ ਘੱਟੋ-ਘੱਟ ਤਾਪਮਾਨ ਵਿਚ ਥੋੜ੍ਹਾ ਵਾਧਾ ਹੋਇਆ ਹੈ, ਪਰ ਪਹਾੜਾਂ ਤੋਂ ਚੱਲ ਰਹੀਆਂ ਬਰਫ਼ੀਲੀਆਂ ਹਵਾਵਾਂ ਕਾਰਨ ਸਵੇਰ ਅਤੇ ਸ਼ਾਮ ਦੀ ਠੰਢ ਨਹੀਂ ਘਟੀ ਹੈ। ਫਰੀਦਕੋਟ ਅਤੇ ਗੁਰਦਾਸਪੁਰ 4.5 ਡਿਗਰੀ ਸੈਲਸੀਅਸ ਨਾਲ ਸੂਬੇ ਦੇ ਸਭ ਤੋਂ ਠੰਢੇ ਸ਼ਹਿਰ ਗਿਣੇ ਗਏ ਹਨ। ਮੌਸਮ ਵਿਭਾਗ ਅਨੁਸਾਰ ਪੱਛਮੀ ਗੜਬੜੀ ਇਸ ਤਬਦੀਲੀ ਦਾ ਕਾਰਨ ਬਣੀ ਹੈ। ਰਾਜਸਥਾਨ ਦੀ ਸਰਹੱਦ ਨਾਲ ਲੱਗਦੇ ਜ਼ਿਲ੍ਹਿਆਂ ਲਈ ਸੀਤ ਲਹਿਰ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਇਨ੍ਹਾਂ ਵਿਚ ਫਾਜ਼ਿਲਕਾ, ਮੁਕਤਸਰ, ਬਠਿੰਡਾ, ਫ਼ਰੀਦਕੋਟ, ਜਲੰਧਰ, ਮੋਗਾ, ਮਾਨਸਾ ਅਤੇ ਫਿਰੋਜ਼ਪੁਰ ਸ਼ਾਮਿਲ ਹਨ।