ਮੇਰਾ ਆਪਣਾ ਪੰਜਾਬ- ਜਲੰਧਰ – (ਬਿਊਰੋ): ਦੋਆਬਾ ਅਤੇ ਮਾਲਵਾ ਦੇ ਕਲਾਕਾਰਾਂ ਦੇ ਕਲਾ ਤੇ ਕਲਾਕਾਰ ਮੰਚ ਵਲੋਂ ਪੰਜਾਬ ਪ੍ਰੈੱਸ ਕਲੱਬ ਜਲੰਧਰ ਦੇ ਸਹਿਯੋਗ ਨਾਲ ਇਕ ਚਿੱਤਰਕਲਾ, ਅੱਖਰਕਾਰੀ ਅਤੇ ਫੋਟੋਗ੍ਰਾਫੀ ਪ੍ਰਦਰਸ਼ਨੀ 15 ਅਤੇ 16 ਜਨਵਰੀ ਨੂੰ ਪੰਜਾਬ ਪ੍ਰੈੱਸ ਕਲੱਬ ਜਲੰਧਰ ਵਿਖੇ ਲਗਾਈ ਜਾ ਰਹੀ ਹੈ ਜਿਸ ਵਿਚ ਦੋਆਬੇ ਅਤੇ ਮਾਲਵੇ ਦੇ ਉੱਘੇ ਚਿੱਤਰਕਾਰ, ਅੱਖਰਕਾਰ ਅਤੇ ਫੋਟੋਗਰਾਫ਼ਰ ਆਪਣੀਆਂ ਕਲਾਕ੍ਰਿਤਾਂ ਦਾ ਪ੍ਰਦਰਸ਼ਨ ਕਰਨਗੇ। ਇਸ ਪ੍ਰਦਰਸ਼ਨੀ ਵਿਚ ਫੋਟੋਗ੍ਰਾਫੀ ਵਿਚ ਰਵੀ ਰਵਿੰਦਰ (ਲੁਧਿਆਣਾ), ਅੱਖ਼ਰਕਾਰੀ ਵਿੱਚ ਕੰਵਰਦੀਪ ਸਿੰਘ (ਕਪੂਰਥਲਾ) ਅਤੇ ਚਿੱਤਰਕਲਾ ਵਿੱਚ ਇੰਦਰਜੀਤ ਸਿੰਘ (ਜਲੰਧਰ), ਕੁਲਜੀਤ ਹੀਰ (ਜਲੰਧਰ) ਤੇ ਮੰਜ਼ਿਲ ਸਿੰਘ (ਜਲੰਧਰ) ਦੀਆਂ ਕਲਾਕ੍ਰਿਤਾਂ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ। ਮੰਚ ਦੇ ਸਰਪ੍ਰਸਤ ਸ. ਸਤਨਾਮ ਸਿੰਘ ਮਾਣਕ ਨੇ ਮੰਚ ਵਲੋਂ ਸਭ ਨੂੰ ਇਹ ਪ੍ਰਦਰਸ਼ਨੀ ਦੇਖਣ ਅਤੇ ਆਪਣੇ ਵਿਚਾਰ ਦੇਣ ਦਾ ਸੱਦਾ ਦਿੱਤਾ। ਇਸ ਪ੍ਰਦਰਸ਼ਨੀ ਵਿਚ ਪੰਜਾਬ ਪ੍ਰੈੱਸ ਕਲੱਬ ਜਲੰਧਰ ਦੇ ਪ੍ਰਧਾਨ ਸ. ਜਸਪ੍ਰੀਤ ਸਿੰਘ ਸੈਣੀ ਅਤੇ ਸਮੂਹ ਗਵਰਨਿੰਗ ਕੌਂਸਲ ਤੋਂ ਇਲਾਵਾ ਡਾ. ਲਖਵਿੰਦਰ ਸਿੰਘ ਜੌਹਲ, ਗੁਰਦਿਆਲ ਰੌਸ਼ਨ, ਐਸ. ਅਸ਼ੋਕ ਭੌਰਾ, ਬਲਜੀਤ ਬੱਲ, ਪਾਲੀ ਖ਼ਾਦਿਮ, ਕਮਲੇਸ਼ ਦੁੱਗਲ, ਸ. ਸੁਰਿੰਦਰਪਾਲ ਸਿੰਘ, ਸ. ਕੁਲਵਿੰਦਰ ਸਿੰਘ, ਐਡਵੋਕੇਟ ਹਰਦੀਪ ਸਿੰਘ ਭੱਟੀ ਆਦਿ ਵਿਸ਼ੇਸ਼ ਤੌਰ ਉਤੇ ਸ਼ਿਰਕਤ ਕਰ ਕੇ ਕਲਾਕਾਰਾਂ ਦੀ ਹੌਸਲਾ ਅਫ਼ਜ਼ਾਈ ਕਰਨਗੇ।