ਮੇਰਾ ਆਪਣਾ ਪੰਜਾਬ-ਜਲੰਧਰ-(ਨਵਜੋਤ ਮੱਟੂ): ਭਾਰਤ ਦੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਵੱਲੋਂ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਫਿਰਕੂ ਅਤੇ ਕਾਰਪੋਰੇਟ ਪੱਖੀ ਨੀਤੀਆਂ ਵਿਰੁੱਧ ਵਿਸ਼ਾਲ ਜਨਤਕ ਸੰਘਰਸ਼ ਕਰਨ ਲਈ 24 ਮਾਰਚ ਨੂੰ ਰਾਮਲੀਲ੍ਹਾ ਗਰਾਊਂਡ ਨਵੀਂ ਦਿੱਲੀ ਵਿਖੇ ਇੱਕ ਰੋਸ ਭਰਪੂਰ ਰੈਲੀ ਕੀਤੀ ਜਾ ਰਹੀ ਹੈ ਜਿਸ ਵਿੱਚ ਦੇਸ਼ ਭਰ ਵਿੱਚੋਂ ਲੱਖਾਂ ਲੋਕ ਸ਼ਾਮਿਲ ਹੋਣਗੇ। ਇਹ ਜਾਣਕਾਰੀ ਸੀਪੀਆਈ (ਐਮ) ਦੇ ਸੂਬਾ ਸਕੱਤਰ ਅਤੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਇੱਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਦਿੱਤੀ।
ਕਾਮਰੇਡ ਸੇਖੋਂ ਨੇ ਦੱਸਿਆ ਕਿ ਨਵੀਂ ਦਿੱਲੀ ਰੈਲੀ ਵਿੱਚ ਪੰਜਾਬ ਵਿੱਚੋਂ ਵੀ ਹਜ਼ਾਰਾਂ ਮਜ਼ਦੂਰ ਕਿਸਾਨ ਅਤੇ ਹੋਰ ਮਿਹਨਤਕਸ਼ ਲੋਕ ਸ਼ਾਮਿਲ ਹੋਣਗੇ। ਕਾਮਰੇਡ ਸੇਖੋਂ ਨੇ ਅੱਗੇ ਦੱਸਿਆ ਕਿ ਨਵੀਂ ਦਿੱਲੀ ਰੈਲੀ ਲਈ ਜਨਤਕ ਲਾਮਬੰਦੀ ਕਰਨ ਲਈ ਪੰਜਾਬ ਦੀ ਪਾਰਟੀ ਵੱਲੋਂ ਪੰਜਾਬ ਭਰ ਵਿੱਚ 11 ਮਾਰਚ ਤੋਂ 20 ਮਾਰਚ ਤੱਕ ਜਥਾ ਮਾਰਚ ਕੀਤਾ ਜਾਵੇਗਾ । ਇਹ ਜਥਾ ਮਾਰਚ 11 ਮਾਰਚ ਨੂੰ ਗਦਰੀ ਬਾਬਿਆਂ ਦੇ ਪਿੰਡ ਸੁਰਸਿੰਘ ਤੋਂ ਆਰੰਭ ਹੋਵੇਗਾ ਅਤੇ ਪੰਜਾਬ ਦੇ ਸੈਂਕੜੇ ਪਿੰਡਾਂ ਵਿੱਚ ਰੈਲੀਆਂ, ਜਲਸੇ, ਮੀਟਿੰਗਾਂ ਕਰਦਾ ਹੋਇਆ 20 ਮਾਰਚ ਨੂੰ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਪੁੱਜ ਕੇ ਸਮਾਪਤ ਹੋਵੇਗਾ । ਜਥਾ ਮਾਰਚ ਦੌਰਾਨ ਪੰਜਾਬ ਦੇ ਸਮੂਹ ਲੋਕਾਂ ਨੂੰ ’24 ਮਾਰਚ ਨੂੰ ਦਿੱਲੀ ਚਲੋ’ ਦਾ ਹੋਕਾ ਦਿੱਤਾ ਜਾਵੇਗਾ। ਇਸ ਮੰਤਵ ਲਈ ਪਾਰਟੀ ਵੱਲੋਂ ਲੋਕਾਂ ਦੀਆ ਮੰਗਾਂ ਦੀ ਜਾਣਕਾਰੀ ਦਿੰਦੇ ਹੋਏ ਛਪੇ ਹੋਏ ਪੈਂਫਲੈਟ ਅਤੇ ਪਰਚੇ ਲੱਖਾਂ ਦੀ ਗਿਣਤੀ ਵਿੱਚ ਲੋਕਾਂ ਵਿੱਚ ਵੰਡੇ ਜਾਣਗੇ। ਕਾਮਰੇਡ ਸੇਖੋਂ ਨੇ ਜਥਾ ਮਾਰਚ ਤੇ ਨਵੀਂ ਦਿੱਲੀ ਰੈਲੀ ਦੀਆਂ ਮੰਗਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਸੰਘਰਸ਼ੀ ਐਕਸ਼ਨਾਂ ਵਿੱਚ ਮੰਗ ਕੀਤੀ ਜਾਵੇਗੀ ਕਿ ਮਜ਼ਦੂਰ ਜਮਾਤ ਵਿਰੋਧੀ ਚਾਰ ਲੇਬਰ ਕੋਡ ਵਾਪਸ ਲਏ ਜਾਣ, ਮਨਰੇਗਾ ਕਾਨੂੰਨ ਬਚਾਓ ਅਤੇ ‘ਵੀਬੀ ਜੀ ਰਾਮ ਜੀ’ ਵਾਪਸ ਲਓ, ਬਿਜਲੀ ਸੋਧ ਬਿਲ 2025 ਵਾਪਸ ਲਓ, ਬੀਜ ਬਿਲ 2026 ਵਾਪਸ ਲਓ, ਭਾਰਤ ਅਮਰੀਕਾ ਵਪਾਰ ਸਮਝੌਤਾ ਰੱਦ ਕੀਤਾ ਜਾਵੇ। ਅੰਤ ਵਿੱਚ ਕਾਮਰੇਡ ਸੇਖੋਂ ਨੇ ਪੰਜਾਬ ਦੇ ਸਮੂਹ ਦੇਸ਼ ਭਗਤ ਜਮਹੂਰੀ ਅਤੇ ਇਨਸਾਫ ਪਸੰਦ ਲੋਕਾਂ ਨੂੰ ਉਪਰੋਕਤ ਸੰਘਰਸ਼ਾਂ ਵਿੱਚ ਵਧ-ਚੜ੍ਹ ਕੇ ਸ਼ਾਮਿਲ ਹੋਣ ਦੀ ਅਪੀਲ ਕੀਤੀ।