ਮੇਰਾ ਆਪਣਾ ਪੰਜਾਬ : ਹਰ ਰੋਜ਼ ਸਾਈਬਰ ਸਕੈਮ ਨਾਲ ਜੁੜੇ ਮਾਮਲੇ ਸਾਹਮਣੇ ਆ ਰਹੇ ਹਨ। ਇਨ੍ਹਾਂ ਤੋਂ ਆਪਣੇ ਆਪ ਨੂੰ ਸੁਰੱਖਿਅਤ ਰੱਖਣਾ ਲੋਕਾਂ ਲਈ ਵੱਡੀ ਚੁਣੌਤੀ ਬਣ ਗਿਆ ਹੈ। ਟਰਾਈ ਵੀ ਇਨ੍ਹਾਂ ਨਾਲ ਨਜਿੱਠਣ ਲਈ ਸਖ਼ਤ ਕਦਮ ਚੁੱਕ ਰਹੀ ਹੈ। ਹੁਣ ਇਸ ਸਿਲਸਿਲੇ ਨੂੰ ਜਾਰੀ ਰੱਖਦੇ ਹੋਏ ਟੈਲੀਕਾਮ ਵਿਭਾਗ (DOT) ਨੇ ਵੱਡੀਆਂ ਤਿਆਰੀਆਂ ਕਰ ਲਈਆਂ ਹਨ। ਦੇਸ਼ ‘ਚ ਸਾਈਬਰ ਧੋਖਾਧੜੀ ਖ਼ਿਲਾਫ਼ ਨਵੇਂ ਕਾਨੂੰਨ ਲਾਗੂ ਹੋਣ ਜਾ ਰਹੇ ਹਨ। ਜੇ ਕੋਈ ਵਿਅਕਤੀ ਸਿਮ ਕਾਰਡ ਦੀ ਵਰਤੋਂ ਕਰ ਕੇ ਧੋਖਾਧੜੀ ਕਰਦਾ ਹੈ ਤਾਂ ਉਸ ਨੂੰ ਬਲੈਕਲਿਸਟ ਕਰ ਦਿੱਤਾ ਜਾਵੇਗਾ।
ਐਕਸ਼ਨ ਮੋਡ ‘ਚ ਸਰਕਾਰ
ਟੈਲੀਕਾਮ ਡਿਪਾਰਟਮੈਂਟ ਦਾ ਮਕਸਦ ਆਮ ਲੋਕਾਂ ਨੂੰ ਜਾਅਲੀ ਕਾਲਾਂ ਤੇ ਐੱਸਐੱਮਐੱਸ ਤੋਂ ਸੁਰੱਖਿਅਤ ਰੱਖਣਾ ਹੈ। ਹੁਣ ਉਨ੍ਹਾਂ ਸਪੱਸ਼ਟ ਕਿਹਾ ਕਿ ਜੇ ਕੋਈ ਵਿਅਕਤੀ ਜਾਅਲੀ ਸਿਮ ਰਾਹੀਂ ਲੋਕਾਂ ਨੂੰ ਫਸਾਉਣ ਦੀ ਕੋਸ਼ਿਸ਼ ਕਰਦਾ ਹੈ ਜਾਂ ਉਸ ਦੀ ਆਈਡੀ ‘ਤੇ ਸ਼ੱਕੀ ਗਤੀਵਿਧੀਆਂ ਪਾਈਆਂ ਜਾਂਦੀਆਂ ਹਨ ਤਾਂ ਉਸ ਨੂੰ ਬਲੈਕਲਿਸਟ ਕਰ ਦਿੱਤਾ ਜਾਵੇਗਾ। ਇੱਕ ਵਾਰ ਬਲੈਕਲਿਸਟ ਹੋਣ ਤੋਂ ਬਾਅਦ ਉਹ ਦੇਸ਼ ਵਿੱਚ ਕਿਤੇ ਵੀ ਨਵਾਂ ਸਿਮ ਕਾਰਡ ਨਹੀਂ ਖਰੀਦ ਸਕੇਗਾ।
ਜਾਅਲੀ ਕਾਲਾਂ/ਮੈਸੇਜ ਕਰਨ ਵਾਲੇ ਦੀ ਖ਼ੈਰ ਨਹੀਂ
ਇਸ ਦੇ ਨਾਲ ਹੀ ਜੇ ਕੋਈ ਵਿਅਕਤੀ ਕਿਸੇ ਹੋਰ ਵਿਅਕਤੀ ਦੀ ਆਈਡੀ ‘ਤੇ ਸਿਮ ਕਾਰਡ ਖਰੀਦਦਾ ਹੈ ਤਾਂ ਇਹ ਵੀ ਨਵੇਂ ਨਿਯਮਾਂ ਮੁਤਾਬਕ ਗੈਰ-ਕਾਨੂੰਨੀ ਹੋਵੇਗਾ। ਅਜਿਹੇ ‘ਚ ਧੋਖਾਧੜੀ ਕਰਨ ਵਾਲਿਆਂ ਨੂੰ ਜੇਲ੍ਹ ਵੀ ਭੁਗਤਣੀ ਪੈ ਸਕਦੀ ਹੈ। ਰਿਪੋਰਟ ਮੁਤਾਬਕ ਜੇ ਕੋਈ ਯੂਜ਼ਰ ਜਾਅਲੀ ਕਾਲ ਜਾਂ ਮੈਸੇਜ ਭੇਜਦਾ ਹੈ ਤਾਂ ਉਸ ਨੂੰ ਵੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹ ਵੀ ਦੱਸਿਆ ਗਿਆ ਹੈ ਕਿ ਜਿਸ ਵਿਅਕਤੀ ਦੇ ਆਈਡੀ ‘ਤੇ ਗ਼ਲਤ ਐਕਟੀਵਿਟੀ ਪਾਈ ਜਾਵੇਗੀ। ਉਸ ਨੂੰ ਪਹਿਲਾਂ ਸੂਚਿਤ ਕੀਤਾ ਜਾਵੇਗਾ ਤੇ 7 ਦਿਨਾਂ ਦੇ ਅੰਦਰ ਜਵਾਬ ਮੰਗਿਆ ਜਾਵੇਗਾ।
ਕੀ ਹੈ ਬਲੈਕਲਿਸਟ ਦਾ ਮਤਲਬ
ਨਵੇਂ ਨਿਯਮ ਲਾਗੂ ਹੋਣ ਤੋਂ ਬਾਅਦ ਇਕ ਡਾਟਾਬੇਸ ਤਿਆਰ ਕੀਤਾ ਜਾਵੇਗਾ। ਜਿਸ ਵਿੱਚ ਉਨ੍ਹਾਂ ਸਾਰੇ ਲੋਕਾਂ ਦੇ ਨਾਂ ਹੋਣਗੇ, ਜੋ ਜਾਅਲੀ ਸਿਮ ਦੀ ਵਰਤੋਂ ਕਰ ਰਹੇ ਹਨ ਜਾਂ ਉਨ੍ਹਾਂ ਦੀ ਆਈਡੀ ‘ਤੇ ਕੋਈ ਗ਼ਲਤ ਐਕਟੀਵਿਟੀ ਹੋ ਰਹੀ ਹੈ। ਇਹ ਵੀ ਕਿਹਾ ਗਿਆ ਹੈ ਕਿ ਡੇਟਾਬੇਸ ਨੂੰ ਟੈਲੀਕਾਮ ਆਪਰੇਟਰਾਂ ਨਾਲ ਸਾਂਝਾ ਕੀਤਾ ਜਾਵੇਗਾ। ਅਜਿਹਾ ਕਰਨ ਨਾਲ ਟੈਲੀਕਾਮ ਵਿਭਾਗ ਤੇ ਕੰਪਨੀਆਂ ਲਈ ਜਾਅਲੀ ਉਪਭੋਗਤਾਵਾਂ ਨੂੰ ਫੜਨਾ ਆਸਾਨ ਹੋ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਹ ਨਿਯਮ ਜਲਦ ਲਾਗੂ ਹੋਣ ਦੀਆਂ ਖ਼ਬਰਾਂ ਆਈਆਂ ਸਨ ਪਰ ਟੈਲੀਕਾਮ ਆਪਰੇਟਰਾਂ ਦੇ ਕਹਿਣ ‘ਤੇ ਇਨ੍ਹਾਂ ਨੂੰ ਲਾਗੂ ਕਰਨ ਦੀ ਤਰੀਕ ਵਧਾ ਦਿੱਤੀ ਗਈ।