ਮੇਰਾ ਆਪਣਾ ਪੰਜਾਬ : ਨਵੇਂ ਸਾਲ ਮੌਕੇ ਤਿੰਨ ਲੱਖ ਤੋਂ ਵੱਧ ਸੰਗਤਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਗੁਰੂ ਘਰ ’ਚ ਪਰਿਵਾਰ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਨਵੇਂ ਸਾਲ ’ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਵਾਲੀਆਂ ਸੰਗਤਾਂ ਨੂੰ ਲੰਮੀਆਂ ਕਤਾਰਾਂ ਵਿਚ 4 ਘੰਟੇ ਤੋਂ ਵੀ ਵੱਧ ਖੜ੍ਹੇ ਰਹਿ ਕੇ ਦਰਸ਼ਨ ਲਈ ਕਰਨਾ ਇੰਤਜ਼ਾਰ ਪਿਆ। ਸੰਗਤਾਂ ਨੇ ਸਰੋਵਰ ਵਿਚ ਇਸ਼ਨਾਨ ਵੀ ਕੀਤਾ। ਹੱਡ-ਚੀਰਵੀਂ ਠੰਢ ਦੀ ਵੀ ਪਰਵਾਹ ਨਾ ਕਰਦਿਆ ਸੰਗਤਾਂ ਬੱਚਿਆਂ ਤੇ ਬਜ਼ੁਰਗਾਂ ਨਾਲ ਦਰਸ਼ਨ ਕਰਨ ਲਈ ਪਹੁੰਚੀਆਂ। ਸੰਗਤਾਂ ਦੇ ਠਹਿਰਨ ਲਈ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਗਏ ਪ੍ਰਬੰਧ ਵੀ ਛੋਟੇ ਪੈ ਗਏ। ਸ਼੍ਰੋਮਣੀ ਕਮੇਟੀ ਨੇ ਸੰਗਤਾਂ ਲਈ ਵਿਸ਼ੇਸ਼ ਪ੍ਰਬੰਧ ਕਰਦਿਆਂ ਯਾਤਰੀ ਨਿਵਾਸ ਤੋਂ ਇਲਾਵਾ ਭਾਈ ਗੁਰਦਾਸ ਹਾਲ, ਸ੍ਰੀ ਗੁਰੂ ਨਾਨਕ ਕੰਨਿਆ ਸਕੂਲ ਅਤੇ ਹੋਰ ਵਿੱਦਿਅਕ ਅਦਾਰਿਆਂ ’ਚ ਸੰਗਤਾਂ ਦਾ ਠਹਿਰਾਅ ਕੀਤਾ। ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿਚ 31 ਦਸੰਬਰ ਖ਼ਤਮ ਹੁੰਦਿਆਂ ਅਤੇ ਪਹਿਲੀ ਜਨਵਰੀ ਦੀ ਆਮਦ ਸ਼ੁਰੂ ਹੁੰਦਿਆਂ ਸੰਗਤਾਂ ਨੇ ਜੈਕਾਰਿਆਂ ਦੀ ਗੂੰਜ ਨਾਲ ਨਵੇਂ ਸਾਲ ਦਾ ਸਵਾਗਤ ਕੀਤਾ। ਲੰਬੀਆਂ ਕਤਾਰਾਂ ਵਿੱਚ ਖੜ੍ਹੇ ਸ਼ਰਧਾਲੂ ਸਤਿਨਾਮ-ਵਾਹਿਗੁਰੂ ਦਾ ਜਾਪ ਕਰਦੇ ਨਜ਼ਰ ਆਏ।