ਮੇਰਾ ਆਪਣਾ ਪੰਜਾਬ, ਚੰਡੀਗੜ੍ਹ : ਦਿੱਲੀ ਵਿਧਾਨ ਸਭਾ ਚੋਣਾਂ ਦਾ ਅਜੇ ਰਸਮੀ ਐਲਾਨ ਨਹੀਂ ਹੋਇਆ ਪਰ ਸਿਆਸੀ ਪਾਰਟੀਆਂ ਨੇ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਖਾਸ ਕਰ ਕੇ ਆਮ ਆਦਮੀ ਪਾਰਟੀ ਅਤੇ ਕਾਂਗਰਸੀ ਆਗੂ ਦਿੱਲੀ ’ਚ ਕਾਫ਼ੀ ਸਰਗਰਮ ਹੋ ਗਏ ਹਨ। ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੁੜ ਸੱਤਾ ’ਚ ਆਉਣ ਲਈ ਦਿੱਲੀ ਵਾਸੀਆਂ ਲਈ ਕਈ ਗਰੰਟੀਆਂ ਦਿੱਤੀਆਂ ਹਨ। ਕਾਂਗਰਸ ਹਾਈਕਮਾਨ ਨੇ ਅਰਵਿੰਦ ਕੇਜਰੀਵਾਲ ਨੂੰ ਦਿੱਲੀ ’ਚ ਘੇਰਨ ਲਈ ਪੰਜਾਬ ਦੇ ਵਿਧਾਇਕਾਂ ਅਤੇ ਕਾਂਗਰਸੀ ਆਗੂਆਂ ਦਾ ਸਹਾਰਾ ਲੈਂਦੇ ਹੋਏ ਪ੍ਰਚਾਰ ਵਿਚ ਡਿਊਟੀ ਲਗਾਈ ਹੈ। ਪੰਜਾਬ ਕਾਂਗਰਸ ਦੇ ਵਿਧਾਇਕ ਦਿੱਲੀ ਵਾਸੀਆਂ ਨੂੰ ਪੰਜਾਬ ਦੀ ਆਪ ਸਰਕਾਰ ਵਲੋਂ ਕਰੀਬ ਤਿੰਨ ਸਾਲ ਦਾ ਸਮਾਂ ਹੋਣ ਦੇ ਬਾਵਜੂਦ ਕੀਤੇ ਵਾਅਦੇ ਪੂਰੇ ਨਾ ਕਰਨ ਬਾਰੇ ਜਾਗਰੂਕ ਕਰਨ ਲੱਗੇ ਹਨ। ਕਾਂਗਰਸੀ ਆਗੂਆਂ ਨੇ ਆਪ ਸਰਕਾਰ ਵਲੋਂ ਤਿੰਨ ਸਾਲਾਂ ਬਾਅਦ ਵੀ ਪੰਜਾਬ ਦੀਆਂ ਔਰਤਾਂ ਨੂੰ ਇਕ ਹਜ਼ਾਰ ਰੁਪਏ ਦੇਣ ਦਾ ਵਾਅਦਾ ਪੂਰਾ ਨਾ ਕੀਤੇ ਜਾਣ ਦਾ ਮੁੱਦਾ ਬਣਾਉਂਦੇ ਹੋਏ ਆਪ ਨੂੰ ਘੇਰਨਾ ਵੀ ਸ਼ੁਰੂ ਕਰ ਦਿੱਤਾ ਹੈ। ਪਿਛਲੇ ਦਿਨੀਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ, ਸੁਖਜਿੰਦਰ ਸਿੰਘ ਰੰਧਾਵਾਂ, ਵਿਧਾਇਕ ਪ੍ਰਗਟ ਸਿੰਘ ਨੇ ਦਿੱਲੀ ’ਚ ਵੱਖ ਵੱਖ ਥਾਵਾਂ ’ਤੇ ਆਪ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ ਹੈ। ਇਹਨਾਂ ਕਾਂਗਰਸੀ ਆਗਆਂ ਨੇ ਦਿੱਲੀ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਨੇ ਹੁਣ ਤੱਕ ਪੰਜਾਬ ਵਿਚ ਔਰਤਾਂ ਨੂੰ ਇਕ ਹਜ਼ਾਰ ਰੁਪਏ ਦੇਣ ਦੀ ਗਰੰਟੀ ਨੂੰ ਪੂਰਾ ਨਹੀਂ ਕੀਤਾ। ਕਾਂਗਰਸੀ ਆਗੂ ਪੰਜਾਬ ਵਿਚ ਆਪ ਸਰਕਾਰ ਵਲੋਂ ਕੋਈ ਨਵਾਂ ਮੈਡੀਕਲ ਕਾਲਜ, ਨਵਾਂ ਹਸਪਤਾਲ ਬਣਾਉਣ ਸਮੇਤ ਹੋਰ ਮੁੱਦਿਆਂ ’ਤੇ ਵੀ ਆਪ ਨੂੰ ਘੇਰਨ ਲੱਗੇ ਹਨ। ਚੇਤੇ ਰਹੇ ਕਿ ਆਪ ਮੁਖੀ ਅਰਵਿੰਦ ਕੇਜਰੀਵਾਲ ਨੇ ਦਿੱਲੀ ’ਚ ਅਠਾਰਾਂ ਸਾਲ ਤੋਂ ਉਪਰ ਔਰਤਾਂ ਨੂੰ 2100 ਰੁਪਏ ਦੇਣ ਦੀ ਗਰੰਟੀ ਦਿੱਤੀ ਹੈ। ਇਸੇ ਤਰਾਂ ਪੁਜਾਰੀਆਂ ਅਤੇ ਗਰੰਥੀਆਂ ਨੂੰ ਅਠਾਰਾਂ ਹਜ਼ਾਰ ਰੁਪਏ ਦੇਣ ਦੀ ਗਰੰਟੀ ਦਿੱਤੀ ਹੈ। ਕੇਜਰੀਵਾਲ ਦੇ ਇਸ ਵਾਅਦੇ ਨੂੰ ਲੈ ਕੇ ਕੇਂਦਰੀ ਸਿੰਘ ਸਭਾ ਦੇ ਪ੍ਰਧਾਨ ਪ੍ਰੋਫੈਸਰ ਸ਼ਾਮ ਸਿੰਘ, ਜਨਰਲ ਸਕੱਤਰ ਡਾ ਖੁਸ਼ਹਾਲ ਸਿੰਘ, ਸਿੱਖ ਚਿੰਤਕ ਜਸਪਾਲ ਸਿੰਘ ਤੇ ਸੁਰਿੰਦਰ ਸਿੰਘ ਕਿਸ਼ਨਪੁਰਾ ਨੇ ਅਰਵਿੰਦ ਕੇਜਰੀਵਾਲ ’ਤੇ ਹਿੰਦੂਤਵੀ ਧਰੁਵੀਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਦਿੱਲੀ ’ਚ ਮੌਲਵੀ ਤਨਖਾਹ ਲੈਣ ਲਈ ਸੰਘਰਸ਼ ਕਰ ਰਹੇ ਹਨ। ਇੱਥੇ ਦੱਸਿਆ ਜਾਂਦਾ ਹੈ ਕਿ ਪਿਛਲੇ ਮਹੀਨੇ ਅਰਵਿੰਦ ਕੇਜਰੀਵਾਲ ਤੇ ਸਕੱਤਰ ਜਨਰਲ ਡਾ ਸੰਦੀਪ ਪਾਠਕ ਨੇ ਪੰਜਾਬ ਦੇ ਵਿਧਾਇਕਾਂ, ਮੰਤਰੀਆਂ, ਵੱਖ-ਵੱਖ ਵਿੰਗਾਂ ਦੇ ਅਹੁੱਦੇਦਾਰਾਂ ਦੀਆਂ ਦਿੱਲੀ ’ਚ ਮੀਟਿੰਗਾਂ ਕੀਤੀਆਂ। ਪੰਜਾਬ ਦੇ ਵਿਧਾਇਕਾਂ ਨੂੰ ਇਕ -ਇਕ ਵਿਧਾਨ ਸਭਾ ਹਲਕਾ ਸੰਭਾਲ ਦਿੱਤਾ ਹੈ। ਇਸੇ ਤਰ੍ਹਾਂ ਹੋਰ ਆਗੂਆਂ ਦੀਆਂ ਵਾਰਡਾਂ ਵਿਚ ਡਿਊਟੀ ਲਗਾਈ ਹੈ। ਆਪ ਦੀ ਤਰਜ਼ ’ਤੇ ਕਾਂਗਰਸ ਨੇ ਵੀ ਪੰਜਾਬ ਦੇ ਵਿਧਾਇਕਾਂ ਤੇ ਕਾਂਗਰਸੀ ਆਗੂਆਂ ਦੀ ਵੀ ਡਿਊਟੀ ਲਗਾ ਦਿੱਤੀ ਹੈ।