ਮੇਰਾ ਆਪਣਾ ਪੰਜਾਬ – ਖਨੌਰੀ ਮੋਰਚੇ ਉੱਪਰ ਬਿਮਾਰ ਹੋਣ ਉਪਰੰਤ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖਲ ਕਰਵਾਏ ਗਏ ਇੱਕ ਹੋਰ ਕਿਸਾਨ ਦੀ ਇਲਾਜ ਦੌਰਾਨ ਅੱਜ ਮੌਤ ਹੋ ਗਈ। ਮ੍ਰਿਤਕ ਕਿਸਾਨ ਦੀ ਪਛਾਣ ਜੱਗਾ ਸਿੰਘ (80) ਪੁੱਤਰ ਦਰਬਾਰਾ ਪਿੰਡ ਗੋਦਾਰਾ ਤਹਿਸੀਲ ਜੈਤੋ ਜ਼ਿਲ੍ਹਾ ਫਰੀਦਕੋਟ ਵਜੋ ਹੋਈ ਹੈ। ਇਸਦੀ ਪੁਸ਼ਟੀ ਕਰਦਿਆਂ ਬੀਕੇਯੂ ਸਿੱਧੂਪੁਰ ਦੇ ਫਰੀਦਕੋਟ ਜਿਲ੍ਹਾ ਜਥੇਬੰਦੀ ਦੇ ਪ੍ਰਧਾਨ ਬੋਹੜ ਸਿੰਘ ਨੇ ਦੱਸਿਆ ਕਿ ਮ੍ਰਿਤਕ ਕਿਸਾਨ ਜੱਗਾ ਸਿੰਘ ਜੋ ਕਿ ਐਸਸੀ ਭਾਈਚਾਰੇ ਨਾਲ ਸਬੰਧਿਤ ਸੀ ਅਤੇ ਬੀਕੇਯੂ ਸਿੱਧੂਪੁਰ ਦਾ ਮੈਂਬਰ ਸੀ,ਪਿਛਲੇ ਦਿਨਾਂ ਤੋਂ ਖਨੋਰੀ ਮੋਰਚੇ ਵਿੱਚ ਡਟਿਆ ਹੋਇਆ ਸੀ ਤੇ ਉਨ੍ਹਾਂ ਦੀ ਅਚਾਨਕ ਤਬੀਅਤ ਖਰਾਬ ਹੋ ਜਾਣ ਤੇ ਉਸਨੂੰ ਕੁਝ ਦਿਨ ਪਹਿਲਾਂ ਰਾਜਿੰਦਰਾਂ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ,ਜਿੱਥੇ ਉਸਦੀ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਐਤਵਾਰ ਨੂੰ ਖਨੌਰੀ ਮੋਰਚੇ ਉੱਪਰ ਸ਼ਹੀਦ ਜੱਗਾ ਸਿੰਘ ਨੂੰ ਸ਼ਰਧਾਂਜਲੀ ਦੇਣ ਉਪਰੰਤ ਉਨ੍ਹਾਂ ਦਾ ਸਸਕਾਰ ਪਿੰਡ ਗੋਦਾਰਾ ਨੇੜੇ ਬਾਜਾਖਾਨਾ ਵਿਖੇ ਕੀਤਾ ਜਾਵੇਗਾ।ਮ੍ਰਿਤਕ ਜੱਗਾ ਸਿੰਘ 5 ਪੁੱਤਰ ਅਤੇ ਇੱਕ ਧੀ ਦਾ ਪਿਤਾ ਸੀ।