ਮੇਰਾ ਆਪਣਾ ਪੰਜਾਬ : ਹਰ ਸਾਲ ਸਿਆਲੂ ਦਿਨਾਂ ਦੇ ਸਿਖਰ ’ਤੇ ਸੰਘਣੀ ਧੁੰਦ ਵਾਲੀ ਕੜਾਕੇ ਦੀ ਠੰਢ ’ਚ ਲੋਹੜੀ ਦਾ ਤਿਉਹਾਰ ਇਕ ਵੱਖਰੇ ਤਰ੍ਹਾਂ ਦਾ ਅਹਿਸਾਸ ਲੈ ਕੇ ਆਉਂਦਾ ਹੈ। ਬਹੁਤੇ ਲੋਕ ਇਹ ਮੰਨਦੇ ਹਨ ਕਿ ਲੋਹਡ਼ੀ ਤੋਂ ਬਾਅਦ ਠੰਢ ਮੱਠੀ ਪੈਣ ਲੱਗਦੀ ਹੈ ਤੇ ਬਸੰਤ ਤੱਕ ਪਾਲਾ ਉਡੰਤ ਹੋ ਜਾਂਦਾ ਹੈ ਪਰ ਲੋਹੜੀ ਦੇ ਤਿਉਹਾਰ ਨੂੰ ਸੋਚਦਿਆਂ ਹੀ ‘ਸੁੰਦਰ-ਮੁੰਦਰੀਏ ਹੋ…ਦੁੱਲਾ ਭੱਟੀ ਵਾਲਾ…ਹੋ’ ਸਾਡੇ ਚੇਤਿਆਂ ਵਿਚ ਇਕ ਵਾਰ ਫਿਰ ਤਾਜ਼ਾ ਹੋ ਜਾਂਦਾ ਹੈ। ਅਸਲ ਵਿਚ ਸਾਰੇ ਹੀ ਤਿਉਹਾਰ ਕੁਝ ਨਾ ਕੁਝ ਸਿੱਖਣ ਤੇ ਸਿਖਾਉਣ ਲਈ ਮਨਾਏ ਜਾਂਦੇ ਹਨ। ਲੋਹੜੀ ਵੀ ਇਨ੍ਹਾਂ ਵਿੱਚੋਂ ਇਕ ਹੈ। ਲੋਹੜੀ ਉੱਤਰੀ ਭਾਰਤ ਸਣੇ ਪੰਜਾਬ ਤੇ ਹਰਿਆਣੇ ਦਾ ਖੇਤੀਬਾੜੀ ਨਾਲ ਸਬੰਧਤ ਇਕ ਸਾਂਝਾ ਤਿਉਹਾਰ ਹੈ। ਇਤਿਹਾਸਕ ਝਾਤ ਮਾਰੀਏ ਤਾਂ ਇਹ ਸਰਦੀਆਂ ਵਿਚ ਹਾੜੀ ਦੀਆਂ ਫ਼ਸਲਾਂ ਦੇ ਪ੍ਰਫੁੱਲਤ ਹੋਣ ਵਜੋਂ ਵੀ ਮਨਾਇਆ ਜਾਂਦਾ ਹੈ। ਬਾਕੀ ਜਿਸ ਘਰ ਮੁੰਡਾ ਹੋਇਆ ਹੋਵੇ, ਉਸ ਘਰ ਇਸ ਤਿਉਹਾਰ ਦਾ ਵੱਖਰਾ ਹੀ ਉਤਸ਼ਾਹ ਹੁੰਦਾ ਹੈ। ਪਹਿਲੇ ਮੁੰਡੇ ਦੀ ਲੋਹੜੀ ਪਾਉਣਾ ਵਿਆਹ ਦੇ ਪ੍ਰੋਗਰਾਮ ਨਾਲੋਂ ਘੱਟ ਨਹੀਂ ਹੈ,
ਪਿੰਡਾਂ ਵਿਚ ਕੁਆਰੀਆਂ ਕੁੜੀਆਂ, ਸੱਜ ਵਿਆਹੀਆਂ ਨੂੰਹਾਂ ਤੇ ਨਿੱਕੀਆਂ ਬੱਚੀਆਂ ਆਪਣੀਆਂ ਸਹੇਲੀਆਂ ਨਾਲ ਵੱਡੀਆਂ ਪਰਾਤਾਂ ਸਿਰਾਂ ’ਤੇ ਰੱਖ ਕੇ ਘਰ-ਘਰ ਜਾ ਕੇ ਲੋਹੜੀ ਮੰਗਦੀਆਂ ਹਨ। ਲੋਹੜੀ ਦੇ ਗੀਤ ਗੂੰਜਦੇ ਹਨ। ਗਿੱਧਾ ਪਾਉਂਦੀਆਂ ਧੀਆਂ-ਧਿਆਣੀਆਂ ਦੀਆਂ ਅੱਡੀਆਂ ਦੀਆਂ ਧਮਕਾਂ ਕਈ ਕੰਧਾਂ ਟੱਪ ਜਾਂਦੀਆਂ ਹਨ।
ਲੋਹੜੀ ਬਈ ਲੋਹੜੀ, ਥੋਡਾ ਮੁੰਡਾ ਚੜ੍ਹਿਆ ਘੋੜੀ।
ਘੋੜੀ ਪਈ ਨੱਠ, ਥੋਡੇ ਹੋਣ ਪੁੱਤਰ-ਪੋਤਰੇ ਸੱਠ।
ਘੋੜੀ ਦੇਵੇ ਵਛੇਰੇ, ਜੁੱਗ ਜੀਵਣ ਪੁੱਤਰ ਤੇਰੇ।
ਸਾਡੀ ਝੋਲੀ ਪਾ ਦੇ ਪਾਥੀ, ਤੇਰਾ ਪੁੱਤ ਚੜ੍ਹੇਗਾ ਹਾਥੀ।
ਪਾ ਦੇ ਮਾਈ ਲੋਹੜੀ, ਜੁਗ-ਜੁਗ ਜੀਵੇ ਤੇਰੀ ਜੋੜੀ।
ਇਤਿਹਾਸ ਮੁਤਾਬਕ ਕੱਤਕ ’ਚ ਸੂਰਜ ਧਰਤੀ ਤੋਂ ਕਾਫ਼ੀ ਦੂਰ ਹੁੰਦਾ ਹੈ ਤੇ ਉਸ ਦੀਆਂ ਕਿਰਨਾਂ ਧਰਤੀ ’ਤੇ ਪਹੁੰਚਦਿਆਂ ਤਕਰੀਬਨ ਠੰਢੀਆਂ ਹੋ ਜਾਂਦੀਆਂ ਹਨ। ਲੋਹੜੀ ਵਾਲੇ ਦਿਨ ਲੋਕ ਪਿੰਡਾਂ ਤੇ ਸ਼ਹਿਰਾਂ ਵਿਚ ਕਿਸੇ ਖੁੱਲ੍ਹੀ ਥਾਂ ’ਤੇ ਲੋਹੜੀ ਬਾਲਦੇ ਹਨ। ਚਾਰੇ ਪਾਸੇ ਘੇਰਾ ਬਣਾ ਕੇ ਬਹਿੰਦੇ ਹਨ ਤੇ ਇਸ ਅੱਗ ਵਿਚ ਗੱਚਕ, ਰਿਓੜੀਆਂ, ਫੁੱਲੇ ਤੇ ਤਿਲਾਂ ਨਾਲ ਬਣੀਆਂ ਹੋਰ ਕਈ ਚੀਜ਼ਾਂ ਸੁੱਟ ਕੇ ਮੂੰਹੋਂ ‘ਈਸ਼ਰ ਆਏ ਦਲਿੱਦਰ ਜਾਏ, ਦਲਿੱਦਰ ਦੀ ਜੜ੍ਹ ਚੁੱਲ੍ਹੇ ਪਾਏ’ ਉਚਾਰਦੇ ਹਨ। ਇਸ ਤੋਂ ਇਲਾਵਾ ਲੋਹੜੀ ਮੰਗਣ ਵਾਲੀਆਂ ਧੀਆਂ ਕਈ ਤਰ੍ਹਾਂ ਦੀਆਂ ਬੋਲੀਆਂ ਵੀ ਪਾਉਂਦੀਆਂ ਹਨ। ਇਤਿਹਾਸ ਮੁਤਾਬਕ ਲੋਹੜੀ ਦਾ ਤਿਉਹਾਰ ਪੋਹ ਮਹੀਨੇ ਦੇ ਆਖ਼ਰੀ ਦਿਨ ਵਾਲੀ ਰਾਤ ਨੂੰ ਮਨਾਇਆ ਜਾਂਦਾ ਹੈ। ਲੋਹੜੀ ਦਾ ਤਿਉਹਾਰ ਦੁੱਲਾ ਭੱਟੀ ਦੇ ਜ਼ਿਕਰ ਤੋਂ ਬਗੈਰ ਵੀ ਅਧੂਰਾ ਹੈ। ਦੁੱਲਾ ਭੱਟੀ ਅਕਬਰ ਦੀ ਸੱਤਾ ਵੇਲੇ ਇਕ ਬਾਗ਼ੀ ਕਿਰਦਾਰ ਸੀ ਜੋ ਅਮੀਰਾਂ ਤੋਂ ਲੁੱਟਿਆ ਮਾਲ ਗ਼ਰੀਬਾਂ ਨੂੰ ਵੰਡਦਾ ਸੀ। ਲੋਕਾਂ ਦੇ ਦਿਲਾਂ ਵਿਚ ਇਸ ਕਿਰਦਾਰ ਦਾ ਕਾਫ਼ੀ ਸਤਿਕਾਰ ਸੀ। ਧੀਆਂ ਦੇ ਸਿਰ ’ਤੇ ਹੱਥ ਧਰਨਾ ਤੇ ਉਨ੍ਹਾਂ ਦੇ ਸ਼ਗਨ-ਵਿਹਾਰ ਵੀ ਦੁੱਲੇ ਦੇ ਹਿੱਸੇ ਆਏ ਹਨ। ‘ਸੁੰਦਰ ਮੁੰਦਰੀਏ ਹੋ, ਤੇਰਾ ਕੌਣ ਵਿਚਾਰਾ ਹੋ…’ ਲੋਕ ਗੀਤ ਵੀ ਦੁੱਲੇ ਨੂੰ ਹੀ ਸਮਰਪਤ ਹੈ। ਜੇ ਝਾਤ ਮਾਰੀਏ ਤਾਂ ਲੋਹੜੀ ਦੀ ਰੰਗਤ ਵੀ ਪਿੰਡਾਂ ਤੇ ਸ਼ਹਿਰਾਂ ਵਿਚ ਵੱਖੋ-ਵੱਖ ਹੋ ਗਈ ਹੈ। ਨਵੇਂ ਮੁੰਡੇ-ਕੁੜੀਆਂ ਨੂੰ ਇਸ ਤਿਉਹਾਰ ਬਾਰੇ ਓਨਾ ਕੁ ਹੀ ਪਤਾ ਹੈ, ਜਿੰਨਾ ਉਨ੍ਹਾਂ ਇੰਟਰਨੈੱਟ ਜਾਂ ਸੋਸ਼ਲ ਮੀਡੀਆ ’ਤੇ ਦੇਖਿਆ ਹੈ। ਸਾਡਾ ਫ਼ਰਜ਼ ਹੈ ਕਿ ਇਤਿਹਾਸਕ ਪਿਰਤਾਂ ਵਾਲੇ ਲੋਹੜੀ ਵਰਗੇ ਮਿੱਠੇ ਤਿਉਹਾਰ ਨੂੰ ਅਗਲੀ ਪੀੜ੍ਹੀ ਦੀ ਝੋਲੀ ਪਾਈਏ। ਮੁੰਡਿਆਂ ਤੇ ਕੁੜੀਆਂ ਨੂੰ ਲੋਹੜੀ ਦੀਆਂ ਖ਼ੁਸ਼ੀਆਂ ’ਚ ਸ਼ਾਮਲ ਕਰੀਏ ਤਾਂ ਜੋ ਪੰਜਾਬ ਦਾ ਇਹ ਵਿਲੱਖਣ ਰੰਗ ਹਮੇਸ਼ਾ ਕਾਇਮ ਰਹਿ ਸਕੇ।