ਮੇਰਾ ਆਪਣਾ ਪੰਜਾਬ : ਦੋ ਸਾਲਾਂ ਦੇ ਵਕਫ਼ੇ ਬਾਅਦ ਰਾਜਧਾਨੀ ਦਿੱਲੀ ’ਚ ਗਣਤੰਤਰ ਦਿਵਸ ਪਰੇਡ ’ਚ ਪੰਜਾਬ ਦੀ ਝਾਕੀ ਦੇ ਮੁੜ ਦਰਸ਼ਨ ਹੋਣਗੇ। ਪੰਜਾਬ ਦੀ ਇਹ ਝਾਕੀ ਸੂਫੀ ਫ਼ਕੀਰ ਬਾਬਾ ਸ਼ੇਖ ਫ਼ਰੀਦ ਤੇ ਪੰਜਾਬੀ ਸਭਿਆਚਾਰ ਨੂੰ ਸਮਰਪਿਤ ਹੈ, ਜਿਸ ਪੁਰਾਤਨ ਪੰਜਾਬ ਦੇ ਰੰਗ ਪੇਸ਼ ਹੋਣਗੇ। ਬੀਤੇ ਦਿਨੀਂ ਕੇਂਦਰੀ ਰੱਖਿਆ ਮਤੰਰਾਲੇ ਵੱਲੋਂ ਗਣਤੰਤਰ ਦਿਵਸ ਦੀ ਪਰੇਡ ’ਚ ਜਿਨ੍ਹਾਂ 15 ਸੂਬਿਆਂ ਤੇ ਕੇਂਦਰ ਸ਼ਾਸਿਤ ਰਾਜਾਂ ਦੀਆਂ ਝਾਕੀਆਂ ਨੂੰ ਸ਼ਾਮਲ ਕੀਤਾ ਗਿਆ ਹੈ, ਉਨ੍ਹਾਂ ’ਚ ਪੰਜਾਬ, ਹਰਿਆਣਾ, ਚੰਡੀਗਡ਼੍ਹ, ਆਂਧਰਾਂ ਪ੍ਰਦੇਸ਼, ਬਿਹਾਰ, ਦਾਦਰਾ ਨਗਰ ਹਵੇਲੀ ਅਤੇ ਦਮਨ ਤੇ ਦੀਵ, ਗੋਆ, ਗੁਜਰਾਤ, ਝਾਰਖੰਡ, ਕਰਨਾਟਕ, ਮੱਧ ਪ੍ਰਦੇਸ਼, ਤ੍ਰਿਪੁਰਾ, ਉਤਰਾਖੰਡ, ਉੱਤਰ ਪ੍ਰਦੇਸ਼ ਤੇ ਪੱਛਮੀ ਬੰਗਾਲ ਸ਼ਾਮਲ ਹਨ।
ਪੰਜਾਬ ਦੇ ਲੋਕ ਸੰਪਰਕ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਕੇਂਦਰੀ ਰੱਖਿਆ ਮੰਤਰਾਲੇ ਵੱਲੋਂ ਮਨਜ਼ੂਰੀ ਮਿਲਣ ’ਤੇ ਪੰਜਾਬ ਸਰਕਾਰ ਦੇ ਲੋਕ ਸੰਪਰਕ ਵਿਭਾਗ ਨੇ ਪੂਰੀ ਰੂਹ ਨਾਲ ਝਾਕੀ ਤਿਆਰ ਕਰਵਾਈ ਹੈ। ਪੰਜਾਬ ਦੀ ਝਾਕੀ ਬਾਕੀ ਸੂਬਿਆਂ ਨਾਲੋਂ ਬਿਲਕੁੱਲ ਵੱਖਰੀ ਹੋਵੇਗੀ। ਇਸ ’ਚ ਪੁਰਾਤਨ ਪੰਜਾਬ ਦਾ ਹਰ ਰੰਗੇ ਹੋਵੇਗਾ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਦੇ ਸੱਭਿਆਚਾਰ ਤੇ ਖੇਤੀ ਨਾਲ ਕਾਫ਼ੀ ਲਗਾਅ ਹੈ ਇਸ ਲਈ ਉਨ੍ਹਾਂ ਨੇ ਖ਼ੁਦ ਦਿਲਚਸਪੀ ਲੈਂਦਿਆਂ ਝਾਕੀ ਦੇ ਦ੍ਰਿਸ਼ ਤਿਆਰ ਕਰਨ ਲਈ ਕਈ ਗੁਰ ਦਿੱਤੇ।
ਉਨ੍ਹਾਂ ਦੱਸਿਆ ਕਿ ਬਾਬਾ ਸ਼ੇਖ਼ ਫ਼ਰੀਦ ਨੂੰ ਕਿਉਂਕਿ ਪੰਜਾਬੀ ਦਾ ਪਹਿਲਾ ਕਵੀ ਮੰਨਿਆ ਜਾਂਦਾ ਹੈ। ਇਸ ਲਈ ਝਾਕੀ ਬਾਬਾ ਸ਼ੇਖ਼ ਫ਼ਰੀਦ ਦਾ ਦਿ੍ਰਸ਼ ਹੋਵੇਗਾ। ਪਰੇਡ ਦੌਰਾਨ ਝਾਕੀ ’ਚ ਬਾਬਾ ਸ਼ੇਖ਼ ਫ਼ਰੀਦ ਦੇ ਸਲੋਕ ਵੀ ਪੜ੍ਹੇ ਜਾਣਗੇ। ਦੇਸ਼ ਨੂੰ ਅਨਾਜ਼ ਦੇ ਮਾਮਲੇ ’ਚ ਸਵੈ ਨਿਰਭਰ ਬਣਾਉਣ ਲਈ ਪੰਜਾਬ ਨੇ ਵੱਡਾ ਯੋਗਦਾਨ ਪਾਇਆ ਹੈ। ਪੰਜਾਬ ਦੇ ਇਸ ਯੋਗਦਾਨ ਨੂੰ ਦਿਖਾਉਣ ਲਈ ਝਾਕੀ ’ਚ ਬਲਦਾਂ ਨਾਲ ਖੇਤੀ ਦਾ ਦ੍ਰਿਸ਼ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਪੰਜਾਬ ਦੇ ਲੋਕ ਸੰਗੀਤ ਨਾਲ ਸਬੰਧਤ ਸਾਜ਼ ਵੀ ਝਾਕੀ ’ਚ ਦਿਖਾਈ ਗਏ ਹਨ। ਜਿਨ੍ਹਾਂ ’ਚ ਢੋਲ ਤੇ ਤੂੰਬੀ ਸਮੇਤ ਕਈ ਹੋਰ ਸਾਜ਼ ਸ਼ਾਮਿਲ ਹੋਣਗੇ।