
ਮੇਰਾ ਆਪਣਾ ਪੰਜਾਬ-ਨਕੋਦਰ-(ਮੱਟੂ): ਦਿਹਾਤੀ ਮਜ਼ਦੂਰ ਸਭਾ ਦੇ ਦਫ਼ਤਰ ਨਕੋਦਰ ਵਿਖੇ ਮਜ਼ਦੂਰ, ਕਿਸਾਨ, ਤਰਕਸ਼ੀਲ ਸੁਸਾਇਟੀ, ਮੁਲਾਜ਼ਮ ਅਤੇ ਨੌਜਵਾਨ ਜਥੇਬੰਦੀਆਂ ਦੀ ਸਾਂਝੀ ਮੀਟਿੰਗ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਹਰਮੇਸ਼ ਮਾਲੜੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਫ਼ੈਸਲਾ ਕੀਤਾ ਗਿਆ ਕਿ ਮਜ਼ਦੂਰ ਜਮਾਤ ਦਾ ਇਨਕਲਾਬੀ ਦਿਹਾੜਾ ਸਾਂਝੇ ਤੌਰ ‘ਤੇ ਬਿਜਲੀ ਘਰ ਨਕੋਦਰ ਵਿਖੇ ਮਨਾਇਆ ਜਾਵੇਗਾ ਅਤੇ ਸ਼ਹਿਰ ‘ਚ ਸੂਹਾ ਮਾਰਚ ਕੀਤਾ ਜਾਵੇਗਾ। ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਪ੍ਰਧਾਨ ਦਰਸ਼ਨ ਨਾਹਰ, ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਹਰਪਾਲ ਬਿੱਟੂ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਮੋਹਨ ਸਿੰਘ ਬੱਲ, ਜਮਹੂਰੀ ਕਿਸਾਨ ਸਭਾ ਦੇ ਮਨੋਹਰ ਸਿੰਘ ਗਿੱਲ, ਤਰਕਸ਼ੀਲ ਸੁਸਾਇਟੀ ਪੰਜਾਬ ਦੇ ਪ੍ਰਿੰਸੀਪਲ ਮਨਜੀਤ ਸਿੰਘ, ਪੈਨਸ਼ਨਰ ਐਸੋਸੀਏਸ਼ਨ ਦੇ ਨਿਰਮਲ ਸਿੰਘ ਜਹਾਂਗੀਰ, ਫੀਲਡ ਐਂਡ ਵਰਕਸ਼ਾਪ ਪੀ ਡਬਲਯੂ ਡੀ ਦੇ ਆਗੂ ਧਰਮਿੰਦਰ ਕੁਮਾਰ ਅਤੇ ਮਨਰੇਗਾ ਯੂਨੀਅਨ ਪੰਜਾਬ ਦੇ ਚਰਨਜੀਤ ਥੰਮੂਵਾਲ ਆਦਿ ਸਾਥੀ ਸ਼ਾਮਲ ਹੋਏ।
ਆਗੂਆਂ ਨੇ ਕਿਹਾ ਕਿ ਸੰਸਾਰ ਸਰਮਾਏਦਾਰੀ ਵਲੋਂ ਜਿਥੇ, ਦੁਨੀਆਂ ਭਰ ਵਿੱਚ ਮਜ਼ਦੂਰ ਜਮਾਤ ਦੇ ਹੱਕਾਂ ‘ਤੇ ਧਾਵਾ ਬੋਲਿਆ ਹੋਇਆ ਉਥੇ ਭਾਰਤ ਅੰਦਰ ਮੋਦੀ ਹਕੂਮਤ ਵਲੋਂ ਚਾਰ ਲੇਬਰ ਕੋਡ ਲਾਗੂ ਕਰਕੇ ਸਾਮਰਾਜੀ/ ਸਰਮਾਏਦਾਰੀ ਅੱਗੇ ਮਜ਼ਦੂਰਾਂ ਨੂੰ ਨਿਹੱਥੇ ਕਰਕੇ ਸੁੱਟ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਈਰਾਨ ਉੱਪਰ ਅਮਰੀਕਾ ਅਤੇ ਇਜ਼ਰਾਈਲ ਵਲੋਂ ਥੋਪੀ ਨਹੱਕੀ ਜੰਗ ਦੇ ਅਸਰਾਂ ਕਾਰਨ ਜਿਥੇ ਮਜ਼ਦੂਰ ਜਨਤਾ ਅੱਤ ਦੀ ਮਹਿੰਗਾਈ ਦਾ ਸਾਹਮਣਾ ਕਰ ਰਹੀ ਹੈ ਉਥੇ ਭਾਰਤ ਸਰਕਾਰ ਅਤੇ ਸੂਬਾ ਸਰਕਾਰਾਂ ਵਲੋਂ ਇਸ ਹਾਲਾਤ ਵਿਰੁੱਧ ਸੰਘਰਸ਼ ਕਰਦੇ ਮਜ਼ਦੂਰਾਂ ਨੂੰ ਬੇਰਹਿਮੀ ਨਾਲ ਕੁੱਟਿਆ ਤੇ ਲੁੱਟਿਆ ਜਾ ਰਿਹਾ ਹੈ। ਫੈਕਟਰੀ ਵਰਕਰਾਂ ਦੀਆਂ ਹੜਤਾਲਾਂ ਜਬਰ ਦੇ ਜ਼ੋਰ ਦਬਾਈਆਂ ਜਾ ਰਹੀਆਂ ਹਨ, ਪ੍ਰਵਾਸੀ ਮਜ਼ਦੂਰ ਲੱਖਾਂ ਦੀ ਤਾਦਾਦ ਵਿੱਚ ਆਪਣੇ ਸੂਬਿਆਂ ਨੂੰ ਪਰਤਣ ਲਈ ਮਜਬੂਰ ਹਨ, ਉਨ੍ਹਾਂ ਕਿਹਾ ਕਿ ਮਜ਼ਦੂਰਾਂ ਦੇ ਮਨਾਂ ਅੰਦਰ ਵਧ ਰਿਹਾ ਗੁੱਸਾ ਵੱਡੇ ਜਥੇਬੰਦ ਸੰਘਰਸ਼ ਨੂੰ ਜਨਮ ਦੇਵੇਗਾ, ਉਨ੍ਹਾਂ ਕਿਹਾ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਭ ਤੋਂ ਪਹਿਲਾਂ 12 ਘੰਟੇ ਦੀ ਕੰਮ ਦਿਹਾੜੀ ਦੇ ਕਾਨੂੰਨ ‘ਤੇ ਮੋਹਰ ਲਾ ਕੇ ਦੱਸ ਦਿੱਤਾ ਹੈ ਕਿ ਇਹ ਸਰਕਾਰ ਵੀ ਸਾਮਰਾਜੀ ਆਰਥਿਕ ਨੀਤੀਆਂ ਨੂੰ ਧੜੱਲੇ ਨਾਲ ਲਾਗੂ ਕਰਨ ‘ਚ ਕਿਸੇ ਤੋਂ ਪਿੱਛੇ ਨਹੀਂ ਹੈ।