
ਮੇਰਾ ਆਪਣਾ ਪੰਜਾਬ-ਜਲੰਧਰ-(ਨਵਜੋਤ ਮੱਟੂ): “ਵਿਧਾਨ ਸਭਾ ਹਲਕਾ ਨਕੋਦਰ ਅਧੀਨ ਪੈਂਦੇ ਦੋਨਾ ਇਲਾਕੇ ਨੂੰ ਹੁਣ ਤੱਕ ਦੀਆਂ ਸਰਕਾਰਾਂ ਨੇ ਅਪਣਾ ਮੁੱਖ ਕੇਂਦਰ ਬਿੰਦੂ ਮੰਨਿਆ ਹੈ। ਨਕੋਦਰ ਹਲਕੇ ਦੀ ਜਿੱਤ ਵਿੱਚ ਦੋਨਾ ਇਲਾਕੇ ਦੀ ਅਹਿਮ ਭੂਮਿਕਾ ਰਹੀ ਹੈ ਸਰਕਾਰਾਂ ਨੇ ਦੋਨਾ ਇਲਾਕੇ ਨੂੰ ਸਿਰਫ ਵੋਟ ਬੈਂਕ ਵਜੋਂ ਹੀ ਵਰਤਿਆ ਹੈ। ਦੋਨਾ ਇਲਾਕੇ ਨੇ ਵੱਖ-ਵੱਖ ਰਾਜਨੀਤਕ ਪਾਰਟੀਆਂ ਦੀਆਂ ਕਈ ਅਹਿਮ ਸ਼ਖਸ਼ੀਅਤਾਂ ਨੂੰ ਜਨਮ ਦਿੱਤਾ ਹੈ। ਜ਼ਿਕਰਯੋਗ ਹੈ ਕਿ ਦੋਨਾ ਇਲਾਕੇ ਦੇ ਪ੍ਰਸਿੱਧ ਪਿੰਡ ਮੀਰਪੁਰ ਮਾੜੀ ਵਿਖੇ ਪੰਤਾਲੀ ਸਾਲ ਪਹਿਲਾਂ ਇੱਕ ਕੱਚੇ ਰਸਤੇ ਉੱਪਰ ਸੜਕ ਬਣਾਉਣ ਲਈ ਸਰਕਾਰ ਪਾਸੋਂ ਮਨਜ਼ੂਰੀ ਮਿਲੀ ਸੀ, ਵੱਟੇ ਪਾਉਣ ਉਪਰੰਤ ਕੰਮ ਵਿੱਚ ਵਿਚਾਲੇ ਹੀ ਲਟਕ ਗਿਆ। 45 ਸਾਲ ਤੱਕ ਸਮੇਂ ਦੀਆਂ ਸਰਕਾਰਾਂ ਦੇ ਨੁਮਾਇੰਦਿਆਂ ਨੂੰ ਕਈ ਵਾਰ ਮੰਗ ਪੱਤਰ ਦਿੱਤੇ ਗਏ ਕਿਸੇ ਨੇ ਮੇਰੀ ਗੱਲ ਨਾ ਸੁਣੀ।” ਇਹ ਗੱਲ ਸੜਕ ਦਾ ਦੁਬਾਰਾ ਕੰਮ ਚਾਲੂ ਹੋਣ ਉਪਰੰਤ ਪਿੰਡ ਦੇ ਸਾਬਕਾ ਸਰਪੰਚ ਜਰਨੈਲ ਸਿੰਘ ਘੋੜਿਆਂ ਵਾਲੇ ਨੇ ਆਖੀ। ਉਨ੍ਹਾਂ ਇਹ ਵੀ ਕਿਹਾ ਕਿ 1980 ਦੇ ਕਰੀਬ ਸਵ: ਸਰਪੰਚ ਬੱਗਾ ਸਿੰਘ ਸਮੇਂ ਸੜਕ ਬਣਨੀ ਸ਼ੁਰੂ ਹੋਈ ਸੀ। ਹੁਣ ਉਨ੍ਹਾਂ ਦੇ ਭਰਾ ਮੌਜੂਦਾ ਸਰਪੰਚ ਸਮੇਂ ਬਣ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਸੜਕ ਉੱਤੇ ਕਾਫੀ ਅਵਜਾਈ ਰਹਿੰਦੀ ਹੈ, ਜੋ ਪਿੰਡ ਮੀਰਪੁਰ ਮਾੜੀ ਤੋ ਨਕੋਦਰ-ਕਪੂਰਥਲਾ ਮੁੱਖ ਮਾਰਗ ਪਿੰਡ ਤਲਵੰਡੀ ਸਲੇਮ ਵੱਲ ਸੜਕ ਨਿਕਲਦੀ ਹੈ। ਇਸ ਸੜਕ ਬਾਰੇ ਮੰਡੀ ਬੋਰਡ ਪੰਜਾਬ ਦੇ ਜੇਈ ਅਸ਼ੋਕ ਕੁਮਾਰ ਨੇ ਦੱਸਿਆ ਕਿ ਇਸ ਸੜਕ ਦੀ 1.55 ਕਿਲੋਮੀਟਰ ਦੀ ਲੰਬਾਈ ਹੈ ਜੋ ਕਿ ਲੱਗਭਗ 47 ਲੱਖ ਰੁਪਏ ਦੀ ਲਾਗਤ ਨਾਲ ਬਣ ਕੇ ਤਿਆਰ ਹੋਵੇਗੀ ਇਸ ਤਰ੍ਹਾਂ ਦੇ ਹੋਰ ਪੁਰਾਣੇ ਰਸਤਿਆਂ ਉੱਪਰ ਪੱਕੀਆਂ ਸੜਕਾਂ ਬਣਾਈਆਂ ਜਾ ਰਹੀਆਂ ਹਨ। ਇਸ ਮੌਕੇ ਸਰਪੰਚ ਹਰਵਿੰਦਰ ਸਿੰਘ, ਪਰਮਜੀਤ ਸਿੰਘ ਪ੍ਰਸਿੱਧ ਕਬੱਡੀ ਖਿਡਾਰੀ ਤੇ ਰਿਟਾਇਰਡ ਪੰਜਾਬ ਪੁਲਿਸ, ਸੁਰਜੀਤ ਸਿੰਘ ਰਿਟਾਇਰਡ ਲੈਕਚਰਾਰ, ਸਰਪੰਚ ਹਰਵਿੰਦਰ ਸਿੰਘ ਉਰਫ ਹਨੀ,ਬਲਵੀਰ ਸਿੰਘ, ਰਘਬੀਰ ਸਿੰਘ ਉਰਫ ਰਾਣਾ ਪੰਚ, ਹਰਵਿੰਦਰ ਸਿੰਘ ਹਿੰਦਾ,ਸਕਿੰਦਰ ਸਿੰਘ ਕਬੱਡੀ ਖਿਡਾਰੀ,ਗੁਰਦੇਵ ਸਿੰਘ ਸਾਬਕਾ ਸਰਪੰਚ ਅਤੇ ਹੋਰ ਵੀ ਬਹੁਤ ਸਾਰੇ ਲੋਕ ਹਾਜ਼ਰ ਸਨ।