
ਮੇਰਾ ਆਪਣਾ ਪੰਜਾਬ-ਜਲੰਧਰ-(13 ਮਈ)-(ਨਵਜੋਤ ਮੱਟੂ):ਪੰਜਾਬ ਪੁਲਿਸ ਵੱਲੋਂ ਲੋਕਾਂ ਦੀ ਸੁਰੱਖਿਆ ਅਤੇ ਉਨ੍ਹਾਂ ਦੀ ਸੰਪਤੀ ਦੀ ਰੱਖਿਆ ਲਈ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਜਲੰਧਰ ਦਿਹਾਤੀ ਪੁਲਿਸ ਨੂੰ ਇੱਕ ਹੋਰ ਵੱਡੀ ਕਾਮਯਾਬੀ ਮਿਲੀ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਸ. ਹਰਵਿੰਦਰ ਸਿੰਘ ਵਿਰਕ, ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਨੇ ਦੱਸਿਆ ਕਿ ਉਨ੍ਹਾਂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅਤੇ ਵਨੀਤ ਅਹਿਲਾਵਤ, ਪੁਲਿਸ ਕਪਤਾਨ (ਤਫਤੀਸ਼) ਦੀ ਅਗਵਾਈ ਵਿੱਚ ਜ਼ਿਲ੍ਹਾ ਸਾਂਝ ਕੇਂਦਰ ਅਤੇ CIA ਸਟਾਫ ਦੀਆਂ ਟੀਮਾਂ ਵੱਲੋਂ ਲਗਾਤਾਰ ਤਕਨੀਕੀ ਜਾਂਚ ਅਤੇ ਸਾਇਬਰ ਟ੍ਰੈਕਿੰਗ ਰਾਹੀਂ ਹੋਰ 120 ਗੁੰਮ ਹੋਏ ਮੋਬਾਇਲ ਫੋਨ ਬਰਾਮਦ ਕੀਤੇ ਗਏ ਹਨ। ਬਰਾਮਦ ਕੀਤੇ ਗਏ ਇਹ ਮੋਬਾਇਲ ਫੋਨ ਉਨ੍ਹਾਂ ਦੇ ਅਸਲ ਮਾਲਕਾਂ ਨੂੰ ਵਾਪਸ ਸੌਂਪ ਦਿੱਤੇ ਗਏ।
ਇਸ ਵਿਸ਼ੇਸ਼ ਮੁਹਿੰਮ ਦੌਰਾਨ ਸਬ-ਇੰਸਪੈਕਟਰ ਦਲਵਿੰਦਰ ਸਿੰਘ, ਇੰਚਾਰਜ ਜ਼ਿਲ੍ਹਾ ਸਾਂਝ ਕੇਂਦਰ ਅਤੇ ਇੰਸਪੈਕਟਰ ਪੁਸ਼ਪ ਬਾਲੀ, ਇੰਚਾਰਜ CIA ਸਟਾਫ ਦੀ ਨਿਗਰਾਨੀ ਹੇਠ ਪੁਲਿਸ ਟੀਮਾਂ ਨੇ ਦਿਨ-ਰਾਤ ਮਿਹਨਤ ਕਰਦਿਆਂ ਕਰੀਬ ₹25 ਲੱਖ ਕੀਮਤ ਦੇ 120 ਮੋਬਾਇਲ ਫੋਨ ਬਰਾਮਦ ਕੀਤੇ।
ਉਨ੍ਹਾਂ ਹੋਰ ਦੱਸਿਆ ਕਿ ਇਸ ਨਵੀਂ ਬਰਾਮਦਗੀ ਨਾਲ ਹੁਣ ਤੱਕ ਕੁੱਲ 419 ਮੋਬਾਇਲ ਫੋਨ ਬਰਾਮਦ ਕੀਤੇ ਜਾ ਚੁੱਕੇ ਹਨ। ਕੀਮਤੀ ਮੋਬਾਇਲ ਫੋਨਾਂ ਦੀ ਸਫਲ ਵਾਪਸੀ ਨਾਲ ਜਲੰਧਰ ਦਿਹਾਤੀ ਪੁਲਿਸ ਪ੍ਰਤੀ ਲੋਕਾਂ ਦਾ ਭਰੋਸਾ ਅਤੇ ਵਿਸ਼ਵਾਸ ਹੋਰ ਮਜ਼ਬੂਤ ਹੋਇਆ ਹੈ।