
ਮੇਰਾ ਆਪਣਾ ਪੰਜਾਬ-ਜਲੰਧਰ-(16 ਮਈ)-(ਨਵਜੋਤ ਮੱਟੂ):ਪੰਜਾਬੀ ਸੰਗੀਤ ਜਗਤ ਵਿੱਚ ਸੂਫ਼ੀ ਗਾਇਕੀ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਲਈ ਇੱਕ ਬੇਹੱਦ ਖ਼ੁਸ਼ੀ ਦੀ ਖ਼ਬਰ ਸਾਹਮਣੇ ਆਈ ਹੈ। ਸਕੂਲ ਦੇ ਦਿਨਾਂ ਤੋਂ ਆਪਣੇ ਗਾਇਕੀ ਸਫ਼ਰ ਦੀ ਸ਼ੁਰੂਆਤ ਕਰਨ ਵਾਲੇ ਅਤੇ ਜਵਾਨੀ ਦੀ ਦਹਿਲੀਜ਼ ‘ਤੇ ਪੈਰ ਰੱਖਦਿਆਂ ਹੀ ਮੇਲਿਆਂ ਦੀਆਂ ਸਟੇਜਾਂ ਲੁੱਟਣ ਵਾਲੇ ਨੌਜਵਾਨ ਗਾਇਕ ਜਗਤਾਰ ਤਾਰੀ ਦਾ ਨਵਾਂ ਗੀਤ ਰਿਲੀਜ਼ ਹੋ ਚੁੱਕਾ ਹੈ।
ਸੋਸ਼ਲ ਮੀਡੀਆ ਰਾਹੀਂ ਆਪਣੀ ਗਾਇਕੀ ਦਾ ਲੋਹਾ ਮਨਵਾਉਣ ਵਾਲੇ ਜਗਤਾਰ ਤਾਰੀ ਇਸ ਵਾਰ ਇੱਕ ਬਹੁਤ ਹੀ ਖੂਬਸੂਰਤ ਸੂਫ਼ੀਆਨਾ ਅੰਦਾਜ਼ ਵਿੱਚ ਦਰਸ਼ਕਾਂ ਦੇ ਰੂ-ਬਰੂ ਹੋਏ ਹਨ। ਉਨ੍ਹਾਂ ਦਾ ਨਵਾਂ ਸੂਫ਼ੀ ਗੀਤ ‘ਅੱਲਾਹ ਰਾਮ’ ਦਰਸ਼ਕਾਂ ਦੇ ਦਿਲਾਂ ਨੂੰ ਛੂਹ ਰਿਹਾ ਹੈ।
ਇਸ ਗੀਤ ਦੀ ਖ਼ਾਸੀਅਤ ਇਸ ਦੇ ਡੂੰਘੇ ਬੋਲ ਅਤੇ ਮਿੱਠੀ ਆਵਾਜ਼ ਹੈ। ਇਸ ਗੀਤ ਨੂੰ ‘ਤਾਰਾ ਆਧੀ ਵਾਲੇ’ ਨੇ ਬਹੁਤ ਹੀ ਖੂਬਸੂਰਤ ਲਾਈਨਾਂ ਨਾਲ ਸ਼ਿੰਗਾਰਿਆ ਹੈ, ਜਿਸ ਨੂੰ ਜਗਤਾਰ ਤਾਰੀ ਨੇ ਆਪਣੀ ਬੇਹੱਦ ਮਿੱਠੀ ਅਤੇ ਸੁਰੀਲੀ ਆਵਾਜ਼ ਵਿੱਚ ਗਾਇਆ ਹੈ।
ਗੀਤ ਦੇ ਸੰਗੀਤ ਦੀ ਗੱਲ ਕਰੀਏ ਤਾਂ ‘ਹੈਰੀ ਅਮਿਤ’ ਵੱਲੋਂ ਇਸ ਦਾ ਬਾਕਮਾਲ ਮਿਊਜ਼ਿਕ ਤਿਆਰ ਕੀਤਾ ਗਿਆ ਹੈ, ਜੋ ਸੁਣਨ ਵਾਲੇ ਨੂੰ ਇੱਕ ਵੱਖਰੇ ਹੀ ਸਕੂਨ ਦਾ ਅਹਿਸਾਸ ਕਰਵਾਉਂਦਾ ਹੈ। ਇਸ ਖੂਬਸੂਰਤ ਪ੍ਰੋਜੈਕਟ ਨੂੰ ‘ਅਮਰੀਕ ਮਾਈਕਲ’ ਵੱਲੋਂ ਪੇਸ਼ ਕੀਤਾ ਗਿਆ ਹੈ।