ਮੇਰਾ ਆਪਣਾ ਪੰਜਾਬ-ਜਲੰਧਰ-(3 ਜੁਲਾਈ)-(ਨਵਜੋਤ ਮੱਟੂ): ਪਿੰਡ ਚੁਗਾਵਾਂ ਵਿਖੇ ਸਥਿਤ ਪਵਿੱਤਰ ਬਾਬਾ ਮਦਾਰੀ ਸ਼ਾਹ ਜੀ ਦੇ ਦਰਬਾਰ ਵਿੱਚ ਕਰਵਾਇਆ ਗਿਆ ਸਾਲਾਨਾ ਮੇਲਾ ਬਹੁਤ ਹੀ ਸ਼ਰਧਾ, ਉਤਸ਼ਾਹ ਅਤੇ ਧਾਰਮਿਕ ਮਾਹੌਲ ਵਿੱਚ ਸੰਪੰਨ ਹੋਇਆ। ਇਸ ਪਾਵਨ ਅਵਸਰ ‘ਤੇ ਸਾਬਕਾ ਐਸਐਸਪੀ ਅਤੇ ਕਾਂਗਰਸ ਪਾਰਟੀ ਦੇ ਹਲਕਾ ਕਰਤਾਰਪੁਰ ਦੇ ਇੰਚਾਰਜ ਸਰਦਾਰ ਰਜਿੰਦਰ ਸਿੰਘ ਨੇ ਦਰਬਾਰ ਵਿੱਚ ਨਤਮਸਤਕ ਹੋ ਕੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ।
ਸਰਦਾਰ ਰਜਿੰਦਰ ਸਿੰਘ ਨੇ ਕਿਹਾ ਕਿ ਧਾਰਮਿਕ ਮੇਲੇ ਅਤੇ ਅਜਿਹੇ ਪਵਿੱਤਰ ਸਮਾਗਮ ਸਾਡੀ ਸੱਭਿਆਚਾਰਕ ਅਤੇ ਸਮਾਜਿਕ ਵਿਰਾਸਤ ਦਾ ਅਨਮੋਲ ਹਿੱਸਾ ਹਨ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਅਜਿਹੇ ਧਾਰਮਿਕ ਸਮਾਗਮ ਲੋਕਾਂ ਨੂੰ ਆਪਸੀ ਭਾਈਚਾਰੇ ਅਤੇ ਮਨੁੱਖਤਾ ਦਾ ਸੰਦੇਸ਼ ਦਿੰਦੇ ਹਨ, ਜਿਸ ਦੀ ਸਮਾਜ ਨੂੰ ਬਹੁਤ ਲੋੜ ਹੈ।
ਸਰਦਾਰ ਰਜਿੰਦਰ ਸਿੰਘ ਨੇ ਅਰਦਾਸ ਕਰਦਿਆਂ ਕਿਹਾ ਕਿ ਲੱਖ ਦਾਤਾ ਬਾਬਾ ਮਦਾਰੀ ਸ਼ਾਹ ਜੀ ਆਪਣੀ ਮਿਹਰ ਭਰੀ ਨਜ਼ਰ ਸਾਰੇ ਪੰਜਾਬ ਅਤੇ ਦੇਸ਼ ਵਾਸੀਆਂ ਉੱਤੇ ਬਣਾਈ ਰੱਖਣ, ਹਰ ਘਰ ਵਿੱਚ ਸੁੱਖ-ਸ਼ਾਂਤੀ, ਖੁਸ਼ਹਾਲੀ ਅਤੇ ਤੰਦਰੁਸਤੀ ਬਖ਼ਸ਼ਣ ਅਤੇ ਸਮਾਜ ਵਿੱਚ ਆਪਸੀ ਪਿਆਰ, ਭਾਈਚਾਰਾ ਅਤੇ ਸਦਭਾਵਨਾ ਹਮੇਸ਼ਾ ਕਾਇਮ ਰਹੇ।
ਅੰਤ ਵਿੱਚ ਉਨ੍ਹਾਂ ਸਮੂਹ ਸੰਗਤ, ਪ੍ਰਬੰਧਕ ਕਮੇਟੀ, ਨੌਜਵਾਨ ਸਭਾ ਅਤੇ ਸੇਵਾਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਆਪਣੀਆਂ ਰਵਾਇਤਾਂ ਅਤੇ ਸੱਭਿਆਚਾਰ ਨਾਲ ਜੋੜ ਕੇ ਰੱਖਦੇ ਹਨ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਬਾਬਾ ਮਦਾਰੀ ਸ਼ਾਹ ਜੀ ਦੀ ਕਿਰਪਾ ਨਾਲ ਇਲਾਕਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇਗਾ ਅਤੇ ਲੋਕਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਰਹਿਣਗੀਆਂ।