ਮੇਰਾ ਆਪਣਾ ਪੰਜਾਬ-ਜਲੰਧਰ-(8 ਜੁਲਾਈ)-(ਨਵਜੋਤ ਮੱਟੂ): ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਿਤਾਬਾਂ ਦੀ ਵੰਡ ਪ੍ਰਣਾਲੀ ਵਿੱਚ ਕੀਤੇ ਗਏ ਤਾਜ਼ਾ ਬਦਲਾਅ ਨੇ ਸੂਬੇ ਭਰ ਦੇ ਕਿਤਾਬ ਵਿਕਰੇਤਾਵਾਂ ਦੇ ਰੋਜ਼ੀ-ਰੋਟੀ ਦੇ ਸੰਕਟ ਨੂੰ ਡੂੰਘਾ ਕਰ ਦਿੱਤਾ ਹੈ। ਅੱਜ ਇੱਥੇ ਪੰਜਾਬ ਪ੍ਰੈਸ ਕਲੱਬ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਜਾਬ ਬੁੱਕ ਡਿਸਟ੍ਰੀਬਿਊਟਰਜ਼ ਐਸੋਸੀਏਸ਼ਨ ਦੇ ਪ੍ਰਧਾਨ ਰਾਜੇਸ਼ ਆਨੰਦ ਨੇ ਸਰਕਾਰ ਦੀ ਇਸ ਨਵੀਂ ਨੀਤੀ ਦਾ ਸਖ਼ਤ ਵਿਰੋਧ ਕੀਤਾ ਹੈ। ਰਾਜੇਸ਼ ਆਨੰਦ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਜਦੋਂ ਡਿਸਟ੍ਰੀਬਿਊਟਰ ਆਪਣੀ ਸਪਲਾਈ ਲੈਣ ਲਈ ਬੋਰਡ ਦੇ ਡਿਪੂਆਂ ‘ਤੇ ਪਹੁੰਚੇ ਤਾਂ ਉਨ੍ਹਾਂ ਨੂੰ ਕਿਤਾਬਾਂ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ। ਉਨ੍ਹਾਂ ਨੂੰ ਦੱਸਿਆ ਗਿਆ ਕਿ ਸਰਕਾਰ ਦੇ ਨਵੇਂ ਸਰਕੂਲਰ ਅਨੁਸਾਰ ਹੁਣ ਕਿਤਾਬਾਂ ਦੁਕਾਨਦਾਰਾਂ ਰਾਹੀਂ ਨਹੀਂ, ਸਗੋਂ ਸਿੱਧੀਆਂ ਸਕੂਲਾਂ ਨੂੰ ਭੇਜੀਆਂ ਜਾਣਗੀਆਂ ਅਤੇ ਸਕੂਲ ਹੀ ਅਧਿਆਪਕਾਂ ਰਾਹੀਂ ਇਹ ਕਿਤਾਬਾਂ ਬੱਚਿਆਂ ਨੂੰ ਵੇਖਣਗੇ।
ਐਸੋਸੀਏਸ਼ਨ ਦੇ ਪ੍ਰਧਾਨ ਨੇ ਕਿਹਾ ਕਿ ਜੋ ਦੁਕਾਨਦਾਰ ਪਿਛਲੇ 50-60 ਸਾਲਾਂ ਤੋਂ ਇਸ ਕਿੱਤੇ ਨਾਲ ਜੁੜੇ ਹੋਏ ਸਨ, ਸਰਕਾਰ ਦੇ ਇਸ ਇੱਕ ਹੁਕਮ ਨੇ ਉਨ੍ਹਾਂ ਨੂੰ ਬੇਰੁਜ਼ਗਾਰ ਕਰ ਦਿੱਤਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਇਹ ਫੈਸਲਾ ਨਾ ਸਿਰਫ਼ ਵਪਾਰੀਆਂ ਦਾ ਪੇਟ ਲੱਤ ਮਾਰ ਰਿਹਾ ਹੈ, ਸਗੋਂ ਸਿੱਖਿਆ ਵਿਵਸਥਾ ਨੂੰ ਵੀ ਨੁਕਸਾਨ ਪਹੁੰਚਾਏਗਾ।
ਸਿੱਖਿਆ ਦੇ ਮਿਆਰ ‘ਤੇ ਉੱਠੇ ਸਵਾਲ ਤੇ ਉਨ੍ਹਾਂ ਕਿਹਾ ਕਿ ਜੇਕਰ ਅਧਿਆਪਕ ਪੜ੍ਹਾਉਣ ਦੀ ਬਜਾਏ ਡਿਪੂਆਂ ਤੋਂ ਕਿਤਾਬਾਂ ਲਿਆਉਣ ਅਤੇ ਵੇਚਣ ਵਿੱਚ ਰੁੱਝੇ ਰਹਿਣਗੇ, ਤਾਂ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋਣਾ ਲਾਜ਼ਮੀ ਹੈ।ਨਵੀਂ ਪ੍ਰਣਾਲੀ ਨਾਲ ਕਿਤਾਬਾਂ ਦੀ ਉਪਲਬਧਤਾ ਵਿੱਚ ਹੋਣ ਵਾਲੀ ਦੇਰੀ ਸਿੱਧੇ ਤੌਰ ‘ਤੇ ਵਿਦਿਆਰਥੀਆਂ ਦੇ ਸਿਲੇਬਸ ਅਤੇ ਸਿੱਖਿਆ ਦੇ ਮਿਆਰ ਨੂੰ ਪ੍ਰਭਾਵਿਤ ਕਰੇਗੀ।
ਸਕੂਲਾਂ ਦੁਆਰਾ ਖੁਦ ਕਿਤਾਬਾਂ ਵੇਚਣ ਨਾਲ ਸਿੱਖਿਆ ਦੇ ਵਪਾਰੀਕਰਨ ਦਾ ਖਦਸ਼ਾ ਵੀ ਬਣਿਆ ਹੋਇਆ ਹੈ।
ਐਸੋਸੀਏਸ਼ਨ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਵਿਦਿਆਰਥੀਆਂ ਦੇ ਭਵਿੱਖ ਅਤੇ ਦੁਕਾਨਦਾਰਾਂ ਦੀ ਰੋਜ਼ੀ-ਰੋਟੀ ਨੂੰ ਧਿਆਨ ਵਿੱਚ ਰੱਖਦਿਆਂ ਇਸ ਨਵੀਂ ਪਾਲਿਸੀ ਅਤੇ ਸਰਕੂਲਰ ਨੂੰ ਤੁਰੰਤ ਵਾਪਸ ਲਿਆ ਜਾਵੇ। ਇਸ ਮੌਕੇ ਤੇ ਰਜੇਸ਼ ਆਨੰਦ,ਦੀਪਕ ਜੋਸ਼ੀ,ਪਨੀਤ ਮਹਾਜਨ,ਬਿਮਲ ਚੋਪੜਾ, ਰਾਜੂ ਆਦਿ ਹੋਰ ਵੀ ਬਹੁਤ ਸਾਰੇ ਦੁਕਾਨਦਾਰ ਹਾਜ਼ਰ ਸਨ।